ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 4 ਜੂਨ
ਸਿਹਤ ਵਿਭਾਗ ਵੱਲੋਂ ਵੱਖ-ਵੱਖ ਸਿਹਤ ਸੰਸਥਾਵਾਂ ’ਚ ਕੀਤੀਆਂ ਡੈਪੂਟੇਸ਼ਨਾਂ ਰੱਦ ਕੀਤੀਆਂ ਗਈਆਂ ਹਨ। ਇਸ ਸਬੰਧੀ ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਹੁਕਮਾਂ ’ਤੇ ਅਮਲ ਕਰਦਿਆਂ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਨੂੰ ਡੈਪੂਟੇਸ਼ਨ ’ਤੇ ਲੱਗੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਡੈਪੂਟੇਸ਼ਨ ਰੱਦ ਕੀਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਵਲ ਹਸਪਤਾਲ ਬਰਨਾਲਾ ਵਿੱਚ ਪਿਛਲੇ ਦਿਨੀਂ ਆਏ ਦੋ ਬੱਚਿਆਂ ਦੇ ਮਾਹਿਰ ਡਾਕਟਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਨਵਜੰਮੇ ਬੱਚਿਆਂ ਦੀ ਨਰਸਰੀ ਨੂੰ ਚਾਲੂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਡਾਕਟਰ ਦੀ ਘਾਟ ਹੋਣ ਕਾਰਨ ਮਰੀਜ਼ਾਂ ਨੂੰ ਮਜਬੂਰੀਵੱਸ ਪ੍ਰਾਈਵੇਟ ਡਾਕਟਰਾਂ ਕੋਲ ਜਾਣਾ ਪੈਂਦਾ ਸੀ। ਹੁਣ ਦੋਵੇਂ ਡਾਕਟਰਾਂ ਦਾ ਡੈਪੂਟੇਸ਼ਨ ਰੱਦ ਹੋਣ ਕਾਰਨ ਬੱਚਿਆਂ ਦੀ ਨਰਸਰੀ ਮੁੜ ਬੰਦ ਹੋ ਗਈ ਹੈ।
ਹਸਪਤਾਲ ਦੇ ਐੱਸਐੱਮਓ ਡਾ. ਤਪਿੰਦਰਜੋਤ ਕੌਂਸਲ ਨੇ ਦੱਸਿਆ ਕਿ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਦੋ ਡਾਕਟਰ, ਪੰਜ ਫਾਰਮਾਸਿਸਟ, ਦੋ ਸਟਾਫ਼ ਨਰਸਾਂ ਅਤੇ ਇੱਕ ਈਐਮਓ ਡਾਕਟਰ ਦਾ ਡੈਪੂਟੇਸ਼ਨ ਰੱਦ ਹੋ ਗਿਆ ਹੈ। ਇਸ ਕਾਰਨ ਐਮਰਜੈਂਸੀ ਸੇਵਾਵਾਂ ’ਤੇ ਵੀ ਅਸਰ ਪਵੇਗਾ।
ਇਸ ਸਬੰਧੀ ਸਿਵਲ ਸਰਜਨ ਡਾ. ਔਲਖ ਨੇ ਮੰਨਿਆ ਕਿ ਜ਼ਿਲ੍ਹਾ ਸਿਵਲ ਹਸਪਤਾਲ ਬਰਨਾਲਾ ਦੇ ਦੋ ਬੱਚਿਆਂ ਦੇ ਡਾਕਟਰਾਂ ਦੀ ਡੈਪੂਟੇਸ਼ਨ ਰੱਦ ਕਰਨ ਨਾਲ ਬੱਚਿਆਂ ਦੀ ਨਰਸਰੀ ਬੰਦ ਹੋ ਗਈ ਹੈ। ਜ਼ਿਲ੍ਹੇ ’ਚ ਕਰੀਬ 50 ਕਰਮਚਾਰੀਆਂ ਦੀ ਡੈਪੂਟੇਸ਼ਨ ਰੱਦ ਕੀਤੀ ਗਈ ਹੈ।