ਲਖਵੀਰ ਸਿੰਘ ਚੀਮਾ
ਟੱਲੇਵਾਲ, 31 ਅਗਸਤ
ਕਰਨਾਲ ਵਿੱਚ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਵਿਰੁੱਧ ਪੰਜਾਬ ਦੇ ਬੱਚੇ ਵੀ ਆਵਾਜ਼ ਉਠਾ ਰਹੇ ਹਨ। ਇਸੇ ਤਹਿਤ ਪਿੰਡ ਦੀਵਾਨਾ ਵਿੱਚ ਅੱਜ ਬੱਚਿਆਂ ਨੇ ਇੱਕ ਰੈਲੀ ਕੱਢੀ। ਇਸ ਦੌਰਾਨ ਬੱਚਿਆਂ ਨੇ ਹੱਥਾਂ ਵਿੱਚ ਕਿਸਾਨ ਸੰਘਰਸ਼ ਦੀ ਹਮਾਇਤ ਅਤੇ ਭਾਜਪਾ ਵਿਰੋਧੀ ਨਾਅਰਿਆਂ ਵਾਲੇ ਪੋਸਟਰ ਫੜੇ ਹੋਏ ਸਨ। ਉਨ੍ਹਾਂ ਨੇ ਹਰਿਆਣਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪਲੱਸ ਮੰਚ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸਤਨਾਮ ਦੀਵਾਨਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਲੜਾਈ ਬਾਰੇ ਪੰਜਾਬ ਦਾ ਬੱਚਾ-ਬੱਚਾ ਜਾਗਰੂਕ ਹੋ ਗਿਆ ਹੈ। ਸਰਕਾਰ ਦੇ ਜਬਰ ਪ੍ਰਤੀ ਬੱਚੇ ਚੇਤੰਨ ਹੋ ਰਹੇ ਹਨ। ਕਰਨਾਲ ਵਿੱਚ ਕਿਸਾਨਾਂ ’ਤੇ ਕੀਤੇ ਅੱਤਿਆਚਾਰ ਖ਼ਿਲਾਫ਼ ਵੱਡਿਆਂ ’ਚ ਪਾਇਆ ਜਾ ਰਿਹਾ ਰੋਸ, ਬੱਚਿਆਂ ’ਤੇ ਵੀ ਅਸਰ ਕਰ ਰਿਹਾ ਹੈ। ਬੱਚੇ ਭਾਜਪਾ ਹਕੂਮਤ ਦੇ ਅੱਤਿਆਚਾਰ ਵਿਰੁੱਧ ਕਿਸਾਨ ਜਥੇਬੰਦੀਆਂ ਵਾਂਗ ਪਿੰਡ ਪੱਧਰ ’ਤੇ ਇਕਜੁੱਟ ਹੋ ਰਹੇ ਹਨ। ਪਿੰਡ ਦੀਵਾਨਾ ਇਸ ਦੀ ਪ੍ਰਤੁੱਖ ਮਿਸਾਲ ਹੈ। ਉਨ੍ਹਾਂ ਕਿਹਾ ਕਿ ਨੌਂ ਮਹੀਨੇ ਤੋਂ ਵੱਧ ਸਮੇਂ ਤੋਂ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਛੇ ਸੌ ਤੋਂ ਵੱਧ ਕਿਸਾਨ ਸ਼ਹਾਦਤ ਪ੍ਰਾਪਤ ਕਰ ਗਏ ਹਨ ਪਰ ਭਾਜਪਾ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ ’ਤੇ ਅੱਤਿਆਚਾਰ ਕਰ ਰਹੀ ਹੈ। ਇਹ ਅੱਤਿਆਚਾਰ ਹੀ ਭਾਜਪਾ ਦੇ ਪਤਨ ਦਾ ਕਾਰਨ ਬਣੇਗਾ।
ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਿੰਡਾਂ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਚੋਣਾਂ ਦੌਰਾਨ ਮਜ਼ਦੂਰਾਂ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਘਰ-ਘਰ ਨੌਕਰੀ ਦੇਣ ਅਤੇ ਰਾਸ਼ਨ ਡਿੱਪੂਆਂ ਤੇ ਆਟਾ-ਦਾਲ ਦੇ ਨਾਲ ਖੰਡ, ਘਿਓ ਤੇ ਚਾਹ ਪੱਤੀ ਆਦਿ ਦੇਣ ਵਰਗੇ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ, ਜਿਸ ਲਈ ਮਜ਼ਦੂਰ ਮਸਲਿਆਂ ਦੇ ਹੱਲ ਲਈ ਵਿਸ਼ਾਲ ਤੇ ਤਿੱਖੇ ਘੋਲ਼ ਅਣਸਰਦੀ ਲੋੜ ਹਨ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਮਜ਼ਦੂਰਾਂ ਦੇ ਇਕੱਠਾਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ 3 ਸਤੰਬਰ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਿੰਡਾਂ ’ਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ 13 ਸਤੰਬਰ ਨੂੰ ਪਟਿਆਲਾ ਵਿਖੇ ਨਿਊ ਮੋਤੀ ਬਾਗ ਪੈਲੇਸ ਦੇ ਕੀਤੇ ਜਾ ਰਹੇ ਜਾ ਰਹੇ ਘਿਰਾਓ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਵੀ ਸੱਦਾ ਦਿੱਤਾ।