ਜੋਗਿੰਦਰ ਸਿੰਘ ਮਾਨ
ਮਾਨਸਾ, 16 ਦਸੰਬਰ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਗਾਤਾਰ ਵਾਰ ਕਰਦਿਆਂ ਉਨ੍ਹਾਂ ਦੇ ਪੇਂਡੂ ਭੱਤਾ ਕੱਟਣਾ ਅਤੇ 1..2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦਾ ਪੇ ਕਮਿਸ਼ਨ ਦਾ ਬਕਾਇਆ ਰੋਕਣਾ ਤੇ 1.7.2021 ਤੋਂ ਬਾਅਦ ਏਸੀਪੀ ਰੋਕ ਦਿੱਤੇ ਗਏ ਹਨ। ਸੰਯੁਕਤ ਅਧਿਆਪਕ ਫਰੰਟ ਨੇ ਇਨ੍ਹਾਂ ਫੈਸਲਿਆਂ ਦੇ ਵਿਰੋਧ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਕਿ ਮੁਲਾਜ਼ਮ ਇਹੋ ਜਿਹੇ ਫੈਸਲਿਆਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸੰਯੁਕਤ ਅਧਿਆਪਕ ਫਰੰਟ 19 ਦਸੰਬਰ ਨੂੰ ਖਰੜ ਵਿੱਚ ਪੰਜਾਬ ਐਂਡ ਯੂਟੀ ਮੁਲਾਜ਼ਮ ਮੋਰਚੇ ਦੇ ਸੂਬਾ ਪੱਧਰੀ ਰੈਲੀ ’ਚ ਵਧ ਚੜ੍ਹ ਕੇ ਸ਼ਮੂਲੀਅਤ ਕਰੇਗਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਈਟੀਟੀ ਟੈੱਟ ਪਾਸ ਯੂਨੀਅਨ ਦੇ ਸਰਪ੍ਰਸਤ ਜਗਤਾਰ ਝੱਬਰ ਨੇ ਮੰਗ ਕੀਤੀ ਕਿ ਸਰਕਾਰ ਇਹ ਫੈਸਲੇ ਵਾਪਸ ਲਵੇ ਅਤੇ ਮੁਲਾਜ਼ਮਾਂ ਦੇ ਬਣਦੇ ਹੱਕ ਪ੍ਰਦਾਨ ਕਰੇ ਨਹੀਂ ਤਾਂ ਆਉਣ ਵਾਲੀਆਂ ਚੋਣਾਂ ’ਚ ਨਤੀਜੇ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਅਮਨਦੀਪ ਕੌਰ, ਅਮਰਪ੍ਰੀਤ ਕੌਰ, ਵੰਦਨਾ, ਸੀਮਾ ਰਾਣੀ, ਪੂਜਾ, ਹਰਜਿੰਦਰ ਅਨੂਪਗੜ, ਅਮਨ ਪੰਨੂ, ਕੁਲਜੀਤ ਪਾਠਕ, ਰਾਜਵਿੰਦਰ ਬੈਹਣੀਵਾਲ, ਬਲਜਿੰਦਰ ਅਕਲੀਆ, ਸਿਕੰਦਰ ਝੱਬਰ, ਲਖਵਿੰਦਰ ਮਾਨ, ਸਹਿਦੇਵ ਸਿੰਘ, ਦਮਨਜੀਤ ਮਾਨਸਾ, ਅਮਰੀਕ ਸਿੰਘ, ਬਿੱਕਰਜੀਤ ਸਾਧੂਵਾਲਾ ਨੇ ਵੀ ਸੰਬੋਧਨ ਕੀਤਾ।
ਸੰਯੁਕਤ ਅਧਿਆਪਕ ਫਰੰਟ ਨੇ ਫੂਕੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਪੁਤਲੇ
ਮੋਗਾ (ਨਿਜੀ ਪੱਤਰ ਪ੍ਰੇਰਕ) ਇਥੇ ਸੰਯੁਕਤ ਅਧਿਆਪਕ ਫਰੰਟ ਨੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ। ਇਸ ਮੌਕੇ ਜਥੇਬੰਦੀ ਵੱਲੋਂ ਚੋਣ ਜਾਬਤਾ ਲੱਗਣ ਮਗਰੋਂ ਹਰ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਪ੍ਰਚਾਰ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੂਬਾ ਕਨਵੀਨਰ ਦਿਗਵਿਜੇਪਾਲ ਸ਼ਰਮਾ ਨੇ ਕਿਹਾ ਕਿ ਮੁਲਾਜਮ ਪੱਖੀ ਤਨਖਾਹ ਕਮਿਸ਼ਨ ਰਿਪੋਰਟ ਲਾਗੂ ਕਰਨ ਦੇ ਦਾਅਵੇ ਕਰਨ ਵਾਲੀ ਚੰਨੀ ਸਰਕਾਰ ਨੇ ਪੇਂਡੂ ਭੱਤੇ, ਪਰੋਬੇਸ਼ਨ ਪੀਰੀਅਡ ਦੇ ਬਣਦੇ ਬਕਾਏ, ਹੈਂਡੀਕੈਪਡ ਭੱਤਾ, ਕਲਾਸ-4 ਦੇ ਜਰੂਰੀ ਭੱਤੇ ਸਮੇਤ 37 ਕਿਸਮ ਦੇ ਵਿੱਤੀ ਭੱਤੇ ਬੰਦ ਕਰਨ ਤੋਂ ਮੁਲਾਜ਼ਮ ਵਰਗ ਵਿੱਚ ਤਿੱਖਾ ਰੋਸ ਹੈ। ਲਾਭ ਖੋਹ ਕੇ ਮੁਲਾਜ਼ਮਾਂ ਵਿਰੋਧੀ ਹੋਣ ਦਾ ਦਿੱਤਾ ਸਬੂਤ ਕਾਂਗਰਸ ਸਰਕਾਰ ਦੇ ਕਫਨ ਦਾ ਆਖਰੀ ਕਿੱਲ ਸਾਬਤ ਹੋਵੇਗਾ। ਇਸ ਮੌਕੇ ਅਮਨਦੀਪ ਮਟਵਾਣੀ, ਅਮਨਦੀਪ ਮਾਛੀਕੇ ਨੇ ਕਿਹਾ ਕਿ ਵਿੱਤ ਮੰਤਰੀ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਬਣ ਵਿਸ਼ਵੀਕਰਨ, ਨਿੱਜੀਕਰਨ ਦੀਆਂ ਨੀਤੀਆਂ ’ਤੇ ਜਨਤਕ ਖੇਤਰ ਦੇ ਰੁਜਗਾਰ ਨੂੰ ਖਤਮ ਕਰਨ ’ਤੇ ਲੱਗਿਆ ਹੋਇਆ ਹੈ।