
ਚੀਮਾ ਜੋਧਪੁਰ ਦੇ ਬੱਸ ਅੱਡੇ ਉੱਪਰ ਗ਼ਲਤ ਛੱਡੇ ਕੱਟ ਉੱਪਰ ਲਗਾਏ ਗਏ ਪੱਥਰ।
ਲਖਵੀਰ ਸਿੰਘ ਚੀਮਾ
ਟੱਲੇਵਾਲ, 27 ਮਾਰਚ
ਪਿੰਡ ਚੀਮਾ ਜੋੋਧਪੁਰ ਦੇ ਬੱਸ ਅੱਡੇ ’ਤੇ ਗ਼ਲਤ ਕੱਟ ਦੇ ਮਾਮਲੇ ਸਬੰਧੀ ਪਿੰਡ ਵਾਸੀਆਂ ਦਾ ਧਰਨਾ 17ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਦੀ ਮੰਗ ਤੇ ਪ੍ਰਸ਼ਾਸਨ ਵੱਲੋਂ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਗ਼ਲਤ ਕੱਟ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਕੱਟ ਉੱਪਰ ਐਨਐਚਏਆਈ ਦੇ ਅਧਿਕਾਰੀਆਂ ਵੱਲੋਂ ਜੇਸੀਬੀ ਦੀ ਮਦਦ ਨਾਲ ਭਾਰੀ ਪੱਥਰ ਰਖਵਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ। ਧਰਨਾਕਾਰੀ ਪਿੰਡ ਤੋਂ ਇੱਕ ਕਿਲੋਮੀਟਰ ਪਿੱਛੇ ਹਿੰਦ ਪੰਪ ਅੱਗੇ ਛੱਡੇ ਕੱਟ ਨੂੰ ਵੀ ਬੰਦ ਕਰਨ ਦੀ ਮੰਗ ਕਰ ਰਹੇ ਹਨ।
ਇਸ ਕੱਟ ਦੇ ਹੱਲ ਸਬੰਧੀ ਪਿਛਲੇ 17 ਦਿਨਾਂ ਤੋਂ ਧਰਨਾਕਾਰੀ ਪੁਲ ਬਣਾਉਣ ਦੀ ਮੰਗ ਕਰ ਰਹੇ ਹਨ। ਬੱਸ ਅੱਡੇ ਦੇ ਕੁੱਝ ਦੁਕਾਨਦਾਰਾਂ ਅਤੇ ਸੜਕ ਕਿਨਾਰੇ ਵੱਸੇ ਬਾਜ਼ੀਗਰ ਬਸਤੀ ਦੇ ਕੁੱਝ ਲੋਕਾਂ ਵਲੋਂ ਪੁਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪੁਲ ਬਣਾਉਣ ਦੀ ਮੰਗ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸਹੀ ਤਰੀਕੇ ਨਿਯਮ ਅਨੁਸਾਰ ਕੱਟ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਗਈ, ਜਿਸ ਨੂੰ ਧਰਨਾਕਾਰੀਆਂ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਹੈ।
ਧਰਨਾਕਾਰੀ ਐਕਸ਼ਨ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਅੱਜ ਤੱਕ ਦਾ ਦਿੱਤਾ ਸਮਾਂ ਪੂਰਾ ਹੋ ਗਿਆ ਹੈ। ਅਗਲੀ ਰੂਪ-ਰੇਖਾ ਲਈ ਮੀਟਿੰਗ ਕੀਤੀ ਜਾ ਰਹੀ ਅਤੇ ਜਲਦ ਤਿੱਖਾ ਪ੍ਰੋਗਰਾਮ ਦਿੱਤਾ ਜਾਵੇਗਾ। ਗ਼ਲਤ ਤਰੀਕੇ ਛੱਡੇ ਗਏ ਦੋ ਕੱਟਾਂ ਵਿੱਚੋਂ ਇੱਕ ਬੰਦ ਕਰ ਦਿੱਤਾ ਹੈ ਅਤੇ ਦੂਜੇ ਨੂੰ ਵੀ ਕਰ ਦਿੱਤਾ ਜਾਵੇਗਾ। ਇਸ ਨਾਲ ਸੜਕ ਹਾਦਸੇ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲ ਬਣਾਉਣ ਦੀ ਮੰਗ ਨਹੀਂ ਪੂਰੀ ਹੁੰਦੀ, ਉਹ ਆਪਣਾ ਧਰਨਾ ਇਸ ਜਗ੍ਹਾ ਤੋਂ ਨਹੀਂ ਚੁੱਕਣਗੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ