ਰਵਿੰਦਰ ਰਵੀ
ਬਰਨਾਲਾ, 5 ਅਕਤੂਬਰ
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਪ੍ਰਤੀ ਹੋਰ ਸੁਧਾਰ ਕਰਨ ਤੇ ਉੱਤਮ ਬਣਾਉਣ ਲਈ ਸਮੇਂ ਸਮੇਂ ’ਤੇ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਲੋਕ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਸੇ ਤਹਿਤ ਬਰਨਾਲਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਨਾਂ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਜ਼ਿਲੇ ਦੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਵੱਲੋ ਸਿਹਤ ਵਿਭਾਗ ਅਧੀਨ ਆਉਂਦੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਰਾਤ ਦੇ ਸਮੇਂ ਐਮਰਜੈਂਸੀ ਸਿਹਤ ਸੇਵਾਵਾਂ ਦੀ ਚੈਕਿੰਗ ਕੀਤੀ ਗਈ। ਸਿਵਲ ਸਰਜਨ ਵੱਲੋਂ ਖੁਦ ਵੀ ਰਾਤ ਸਮੇਂ ਐਮਰਜੈਂਸੀ ਸਿਹਤ ਸੇਵਾਵਾਂ ਦੀ ਜਾਂਚ ਕਰਨ ਲਈ ਕਮਿਊਨਟੀ ਸਿਹਤ ਕੇਂਦਰ ਧਨੌਲਾ ਦਾ ਦੌਰਾ ਕੀਤਾ ਗਿਆ। ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਡਾ. ਗੁਰਮਿੰਦਰ ਕੌਰ ਔਜਲਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ, ਡਾ. ਪ੍ਰਵੇਸ ਕੁਮਾਰ ਜ਼ਿਲਾ ਪਰਿਵਾਰ ਭਲਾਈ ਅਫਸਰ ਵੱਲੋਂ ਲੇਬਰ ਰੂਮ ਜੱਚਾ ਬੱਚਾ ਵਾਰਡ ਸਿਵਲ ਹਸਪਤਾਲ ਵਿਖੇ, ਡਾ. ਜਸਪ੍ਰੀਤ ਸਿੰਘ ਜ਼ਿਲਾ ਸਿਹਤ ਅਫਸਰ ਵੱਲੋਂ ਸਬ ਡਵਜੀਨਲ ਹਸਪਤਾਲ ਤਪਾ ਅਤੇ ਕਮਿਊਨਟੀ ਸਿਹਤ ਕੇਂਦਰ ਭਦੌੜ ਵਿਖੇ ਚੈਕਿੰਗ ਕੀਤੀ ਗਈ।
ਗਰਭਵਤੀ ਔਰਤਾਂ ਲਈ ਲੱਗੇ ਸਿਹਤ ਜਾਂਚ ਕੈਂਪ ਦਾ ਕੀਤਾ ਨਿਰੀਖਣ
ਮਹਿਲ ਕਲਾਂ (ਨਵਕਿਰਨ ਸਿੰਘ): ਸਿਹਤ ਵਿਭਾਗ ਬਰਨਾਲਾ ਵੱਲੋਂ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਲਈ ਸੀਐੱਚਸੀ ਚੰਨਣਵਾਲ ਵਿੱਚ ਇਕ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਦਾ ਨਿਰੀਖਣ ਕਰਨ ਪਹੁੰਚੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਕੈਂਪਾਂ ਦੌਰਾਨ ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਰਾਹੀਂ ਜ਼ਿਲ੍ਹਾ ਬਰਨਾਲਾ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਹੀਨੇ ਦੀ ਹਰੇਕ 9 ਤਰੀਕ ਨੂੰ ਗਰਭਵਤੀ ਔਰਤਾਂ ਦਾ ਮੈਡੀਕਲ ਚੈਕਅਪ, ਟੈਸਟ ਅਤੇ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਨੂੰ ਮੁਫਤ ਸੇਵਾਵਾਂ, ਜਣੇਪੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ, ਪੌਸ਼ਟਿਕ ਭੋਜਨ ਖਾਣ ਤੇ ਮਾਹਿਰ ਡਾਕਟਰਾਂ ਦੀ ਸਲਾਹ ਲੈਣ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਜਸਪਿੰਦਰ ਸਿੰਘ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਹਰਜੀਤ ਸਿੰਘ, ਡਾ. ਹਰਜੋਤ, ਕਮਿਊਨਟੀ ਮੋਬਲਾਈਜ਼ਰ ਭੁਪਿੰਦਰ ਸਿੰਘ, ਉਪ ਵੈਦ ਨਵਰਾਜ ਸਿੰਘ ਤੇ ਹੋਰ ਸਿਹਤ ਕਰਮੀ ਹਾਜ਼ਰ ਸਨ।