ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 8 ਜਨਵਰੀ
ਪਿੰਡ ਮੱਲਣ ਦੀ ਇੱਕ ਔਰਤ ਵੱਲੋਂ ਜ਼ਮੀਨ ਵੇਚਣ ਤੋਂ ਬਾਅਦ ਉਸ ’ਤੇ ਹੀ ਬੈਂਕ ਲੋਨ ਲੈ ਲਿਆ ਗਿਆ ਤੇ ਲੋਨ ਦੇ ਪੈਸੇ ਨਾ ਮੋੜਨ ’ਤੇ ਬੈਂਕ ਅਧਿਕਾਰੀ ਜਦੋਂ ਜ਼ਮੀਨ ਦੀ ਕੁਰਕੀ ਲਈ ਪੁੱਜੇ ਤਾਂ ਖਰੀਦਦਾਰ ’ਤੇ ਹੋੋਸ਼ ਉੱਡ ਗਏ। ਬਾਅਦ ’ਚ ਜਦੋਂ ਖਰੀਦਦਾਰ ਨੂੰ ਇਸ ਬਾਰੇ ਪੂਰਾ ਪਤਾ ਲੱਗਾ ਤਾਂ ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ। ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਈ ਗਈ ਪੜਤਾਲ ਤੋਂ ਬਾਅਦ ਥਾਣਾ ਕੋਟਭਾਈ ਵਿੱਚ ਇੱਕ ਪਟਵਾਰੀ ਅਤੇ ਬੈਂਕ ਫੀਲਡ ਅਫ਼ਸਰ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਿੱਤਾ ਸਿੰਘ ਅਤੇ ਜਗਜੀਤ ਸਿੰਘ ਵਾਸੀ ਪਿੰਡ ਮੱਲਣ ਨੇ ਦੱਸਿਆ ਕਿ ਉਨ੍ਹਾਂ ਕੁਝ ਸਾਲ ਪਹਿਲਾਂ ਬਸੰਤ ਕੌਰ ਤੋਂ 5 ਏਕੜ ਜ਼ਮੀਨ ਖਰੀਦ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਜ਼ਮੀਨ ਵੇਚਣ ਤੋਂ ਬਾਅਦ ਇਸ ’ਚੋਂ ਕੁਝ ਜ਼ਮੀਨ ’ਤੇ ਬਸੰਤ ਕੌਰ ਨੇ ਪਟਵਾਰੀ ਅਤੇ ਬੈਂਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕਰੀਬ ਸਵਾ ਦੋ ਲੱਖ ਰੁਪਏ ਦਾ ਲੋਨ ਪੀਏਡੀ ਬੈਂਕ ਗਿੱਦੜਬਾਹਾ ਤੋਂ ਲੋਨ ਲੈ ਲਿਆ। ਲੋਨ ਨਾ ਮੋੜਨ ਅਤੇ ਬਸੰਤ ਕੌਰ ਦੀ ਬਾਅਦ ’ਚ ਮੌਤ ਹੋ ਜਾਣ ਕਾਰਨ ਲੋਨ ਦੀ ਰਕਮ ਵਿਆਜ ਲੱਗ ਕੇ ਕਰੀਬ 11 ਲੱਖ ਰੁਪਏ ਬਣ ਗਈ। ਇਸ ’ਤੇ ਬੈਂਕ ਅਧਿਕਾਰੀ ਉਨ੍ਹਾਂ ਦੇ ਖੇਤ ਜ਼ਮੀਨ ਦੀ ਕੁਰਕੀ ਕਰਨ ਲਈ ਪੁੱਜੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਹ ਬੈਂਕ ਅਧਿਕਾਰੀਆਂ ਨੂੰ ਕਈ ਵਾਰ ਮਿਲੇ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਸ਼ਿਕਾਇਤ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ। ਪੁਲੀਸ ਵੱਲੋਂ ਕੀਤੀ ਪੜਤਾਲ ’ਚ ਪਤਾ ਲੱਗਾ ਕਿ ਬਸੰਤ ਕੌਰ ਨੇ 23/01/1998 ਨੂੰ ਉਸ ਸਮੇਂ ਦੇ ਹਲਕਾ ਪਟਵਾਰੀ ਕੇਵਲ ਕ੍ਰਿਸ਼ਨ ਅਤੇ ਗੁਰਮੀਤ ਇੰਦਰਪਾਲ ਸਿੰਘ ਸੇਖੋਂ ਫੀਲਡ ਅਫ਼ਸਰ ਪੀਏਡੀਬੀ ਗਿੱਦੜਬਾਹਾ ਨਾਲ ਸਾਜਬਾਜ਼ ਹੋ ਕੇ 14 ਕਨਾਲ 2 ਮਰਲੇ ਦੀ ਮਾਲਕ ਹੁੰਦੇ ਹੋਏ ਐਗਰੀਕਲਚਰ ਡਿਵੈਲਪਮੈਂਟ ਬੈਂਕ ਲਿਮਟਿਡ ਗਿੱਦੜਬਾਹਾ ਪਾਸ 24 ਕਨਾਲ 5 ਮਰਲੇ ਰਕਬਾ ਰਹਿਣ ਕਰ ਦਿੱਤਾ ਸੀ। ਹੁਣ ਬਸੰਤ ਕੌਰ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਉਸ ਖਿਲਾਫ਼ ਕਾਰਵਾਈ ਸੰਭਵ ਨਹੀਂ ਜਦਕਿ ਪਟਵਾਰੀ ਕੇਵਲ ਕ੍ਰਿਸ਼ਨ ਵਾਸੀ ਪਿੰਡ ਕਾਉਣੀ ਅਤੇ ਗੁਰਮੀਤ ਇੰਦਰਪਾਲ ਸਿੰਘ ਸੇਖੋਂ ਫੀਲਡ ਅਫ਼ਸਰ ਪੀਏਡੀਬੀ ਗਿੱਦੜਬਾਹਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।