ਇਕਬਾਲ ਸਿੰਘ ਸ਼ਾਂਤ
ਲੰਬੀ, 22 ਜੂਨ
ਪਿੰਡ ਚੰਨੂ ਦੇ ਲੋਕ ਯੂਨੀਵਰਸਲ ਬਾਇਓਮਾਸ ਬਿਜਲੀ ਪਲਾਂਟ ਦੇ ਬਾਲਣ ਸਟੋਰ ਖ਼ਿਲਾਫ਼ ਸੜਕ ’ਤੇ ਉੱਤਰ ਆਏ ਹਨ। ਪਿੰਡ ਵਾਸੀਆਂ ਨੇ ਗ੍ਰਾਮ ਸਭਾ ਦੇ ਇਜਲਾਸ ਰਾਹੀਂ ਮਤਾ ਪਾਸ ਕਰਕੇ ਪਲਾਂਟ ਦੇ 23 ਏਕੜ ਰਕਬੇ ਵਿੱਚ ਸਥਿਤ ਬਾਲਣ ਸਟੋਰ ਨੂੰ ਪਿੰਡ ਤੋਂ ਦੂਰ ਲਿਜਾਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਟੋਰ ਰਕਬੇ ’ਚ ਅੱਗ ਲੱਗਣ ਕਰਕੇ ਕਰੀਬ ਦਸ ਹਜ਼ਾਰ ਟਨ ਬਾਲਣ ਸੁਆਹ ਹੋ ਗਿਆ ਸੀ।
ਪਿੰਡ ਵਾਸੀਆਂ ਨੇ ਸਟੋਰ ਨੂੰ ਇੱਥੋਂ ਚੁਕਵਾਉਣ ਲਈ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਲੰਬੀ-ਗਿੱਦੜਬਾਹਾ ਸੜਕ ਕੰਢੇ ਧਰਨਾ ਲਗਾਇਆ ਹੋਇਆ ਹੈ, ਜਿਸ ਤਹਿਤ ਪਲਾਂਟ ’ਤੇ ਜਾਣ ਵਾਲੇ ਪਰਾਲੀ ਦੇ ਭਰੇ ਟਰੈਕਟਰ-ਟਰਾਲੀਆਂ ਨੂੰ ਰੋਕਿਆ ਜਾ ਰਿਹਾ ਹੈ। ਭਾਕਿਯੂ ਦੇ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਚੰਨੂ ਅਤੇ ਸਰਪੰਚ ਪ੍ਰਤੀਨਿਧੀ ਜਸਕਰਨ ਸਿੰਘ ਪੰਮਾ ਨੇ ਕਿਹਾ ਕਿ ਪਲਾਂਟ ਸੰਚਾਲਕਾਂ ਵੱਲੋਂ ਪਿੰਡ ਦੇ ਨੇੜੇ ਪਰਾਲੀ ਸਟੋਰ ਬਣਾਏ ਹੋਣ ਕਾਰਨ ਚੰਨੂ ਪਿੰਡ ਦੇ ਹਜ਼ਾਰਾਂ ਲੋਕ ਹਮੇਸ਼ਾ ਸੰਭਾਵੀ ਹਾਦਸੇ ਦੇ ਡਰ ਹੇਠਾਂ ਸਾਹ ਲੈਂਦੇ ਹਨ। ਅੱਜ ਪਲਾਂਟ ਮੈਨੇਜਮੈਂਟ ਦੇ ਜਨਰਲ ਮੈਨੇਜਰ ਨਰਿੰਦਰ ਸਿੰਘ ਭੁੱਲਰ ਅਤੇ ਪੁਲੀਸ ਨੇ ਧਰਨਾਕਾਰੀ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਜਸਕਰਨ ਸਿੰਘ ਅਨੁਸਾਰ ਇਸ ਗੱਲਬਾਤ ਵਿੱਚ 23 ਏਕੜ ਰਕਬੇ ਵਾਲੇ ਸਟੋਰ ਪਿੰਡ ਤੋਂ ਇੱਕ ਕਿਲੋਮੀਟਰ ਅਤੇ ਢਾਣੀਆਂ ਦੀ ਵਸੋਂ ਤੋਂ ਘੱਟੋ-ਘੱਟ ਸੌ ਮੀਟਰ ਦੂਰ ਲਿਜਾਣ ਦੀ ਮੰਗ ਰੱਖੀ ਗਈ ਹੈ। ਦੱਸਣਯੋਗ ਹੈ ਕਿ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਅਕਤੂਬਰ ਤੱਕ ਸਟੋਰ ਹੋਰ ਜਗ੍ਹਾ ਤਬਦੀਲ ਕੀਤਾ ਜਾਵੇਗਾ: ਬੌਬੀ ਬਾਦਲ
ਦੂਜੇ ਪਾਸੇ ਯੂਨੀਵਰਸਲ ਬਾਇਓਮਾਸ ਬਿਜਲੀ ਪਲਾਂਟ ਦੇ ਡਾਇਰੈਕਟਰ ਬੌਬੀ ਬਾਦਲ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਸਟੋਰ ਦੀ ਜਗ੍ਹਾ ਬਦਲਣ ’ਤੇ ਕੋਈ ਇਤਰਾਜ਼ ਨਹੀਂ ਹੈ। ਲੰਬੀ ਪੁਲੀਸ ਨੂੰ ਪਲਾਂਟ ਦੀ ਸਹਿਮਤੀ ਪੱਤਰ ਸੌਂਪ ਦਿੱਤਾ ਹੈ। ਅਕਤੂਬਰ ਮਹੀਨੇ ਤੱਕ ਸਟੋਰ ਨੂੰ ਹੋਰ ਜਗ੍ਹਾ ਤਬਦੀਲ ਕਰ ਦਿੱਤਾ ਜਾੇਵਗਾ।