ਰਵਿੰਦਰ ਰਵੀ
ਬਰਨਾਲਾ 9 ਦਸੰਬਰ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਗਾਮੀ ਸਾਲਾਨਾ ਪ੍ਰੀਖਿਆਵਾਂ ਲਈ ਤਿਆਰ ਕਰਨ ਹਿੱਤ ਦਸੰਬਰ ਪ੍ਰੀਖਿਆ ਕਰਵਾਈ ਜਾ ਰਹੀ ਹੈ। ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਦੀ ਪ੍ਰੀਖਿਆ 7 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਜਦਕਿ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ 15 ਦਸੰਬਰ ਤੋਂ ਸ਼ੁਰੂ ਹੋਵੇਗੀ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਪਹਿਲਾਂ ਤੋਂ ਜਾਰੀ ਡੇਟਸ਼ੀਟ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਜਸਬੀਰ ਕੌਰ ਨੇ ਦੱਸਿਆ ਕਿ ਸੋਧੀ ਹੋਈ ਡੇਟਸ਼ੀਟ ਅਨੁਸਾਰ ਜਮਾਤ ਚੌਥੀ ਤੇ ਪੰਜਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਹਿੰਦੀ ਵਿਸ਼ੇ ਦਾ ਪੇਪਰ ਹੁਣ 21 ਦਸੰਬਰ ਨੂੰ ਲਿਆ ਜਾਵੇਗਾ। ਛੇਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਕੰਪਿਊਟਰ ਵਿਸ਼ੇ ਦਾ ਪੇਪਰ 18 ਦਸੰਬਰ ਨੂੰ ਲਿਆ ਜਾਵੇਗਾ।
ਸੱਤਵੀਂ ਜਮਾਤ ਦਾ 8 ਦਸੰਬਰ ਨੂੰ ਲਿਆ ਜਾਣ ਵਾਲਾ ਵਿਗਿਆਨ ਵਿਸ਼ੇ ਦਾ ਪੇਪਰ 17 ਦਸੰਬਰ ਨੂੰ ਲਿਆ ਜਾਵੇਗਾ। ਅੱਠਵੀਂ ਜਮਾਤ ਦਾ 19 ਦਸੰਬਰ ਨੂੰ ਹੋਣ ਵਾਲਾ ਸਰੀਰਕ ਸਿੱਖਿਆ ਵਿਸ਼ੇ ਦਾ ਪੇਪਰ ਹੁਣ 18 ਦਸੰਬਰ ਨੂੰ ਲਿਆ ਜਾਵੇਗਾ। ਨੌਵੀਂ ਜਮਾਤ ਦਾ 14 ਦਸੰਬਰ ਨੂੰ ਪੰਜਾਬੀ ‘ਏ’ ਅਤੇ 15 ਦਸੰਬਰ ਨੂੰ ਪੰਜਾਬੀ ‘ਬੀ’ ਵਿਸ਼ੇ ਦਾ ਪੇਪਰ ਲਿਆ ਜਾਵੇਗਾ ਅਤੇ 8 ਦਸੰਬਰ ਨੂੰ ਹੋਣ ਵਾਲਾ ਸਮਾਜਿਕ ਸਿੱਖਿਆ ਵਿਸ਼ੇ ਦਾ ਪੇਪਰ ਹੁਣ 17 ਦਸੰਬਰ ਨੂੰ ਲਿਆ ਜਾਵੇਗਾ।
ਦਸਵੀਂ ਜਮਾਤ ਦਾ ਪੰਜਾਬੀ ‘ਏ’ ਵਿਸ਼ੇ ਦਾ ਪੇਪਰ 16 ਦਸੰਬਰ ਨੂੰ, ਸਮਾਜਿਕ ਸਿੱਖਿਆ ਵਿਸ਼ੇ ਦਾ 19 ਦਸੰਬਰ ਨੂੰ ਹੋਣ ਵਾਲਾ ਪੇਪਰ 18 ਦਸੰਬਰ ਨੂੰ ਅਤੇ 23 ਦਸੰਬਰ ਨੂੰ ਪੰਜਾਬੀ ‘ਬੀ’ ਵਿਸ਼ੇ ਦਾ ਪੇਪਰ ਲਿਆ ਜਾਵੇਗਾ। ਗਿਆਰਵੀਂ ਜਮਾਤ ਦਾ 24 ਦਸੰਬਰ ਨੂੰ ਹੋਣ ਵਾਲਾ ਭੂਗੋਲ ਵਿਸ਼ੇ ਦਾ ਪੇਪਰ ਹੁਣ 17 ਦਸੰਬਰ ਨੂੰ, 19 ਦਸੰਬਰ ਨੂੰ ਹੋਣ ਵਾਲਾ ਅਰਥ ਸ਼ਾਸਤਰ ਦਾ ਪੇਪਰ 21 ਦਸੰਬਰ ਨੂੰ ਅਤੇ 8 ਦਸੰਬਰ ਨੂੰ ਹੋਣ ਵਾਲਾ ਪੰਜਾਬੀ ਜਨਰਲ ਵਿਸ਼ੇ ਦਾ ਪੇਪਰ ਹੁਣ 24 ਦਸੰਬਰ ਨੂੰ ਲਿਆ ਜਾਵੇਗਾ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ 19 ਦਸੰਬਰ ਨੂੰ ਹੋਣ ਵਾਲਾ ਬਿਜ਼ਨਸ ਸਟੱਡੀਜ਼/ ਭੌਤਿਕ ਵਿਗਿਆਨ (ਫਿਜ਼ਿਕਸ) ਵਿਸ਼ਿਆਂ ਦਾ ਪੇਪਰ ਹੁਣ 21 ਦਸੰਬਰ ਨੂੰ ਲਿਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਬਾਕੀ ਇਮਤਿਹਾਨ ਪਹਿਲਾਂ ਜਾਰੀ ਕੀਤੀ ਗਈ ਡੇਟਸ਼ੀਟ ਅਤੇ ਹਦਾਇਤਾਂ ਅਨੁਸਾਰ ਹੀ ਹੋਣਗੇ। ਉਨ੍ਹਾਂ ਸਬੰਧਤ ਵਿਦਿਆਰਥੀਆਂ ਨੂੰ ਇਸ ਜਾਣਕਾਰੀ ਅਨੁਸਾਰ ਹੀ ਆਪਣੀ ਪ੍ਰੀਖਿਆ ਦੀ ਤਿਆਰੀ ਕਰਨ।