ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਜੁਲਾਈ
ਪਿੰਡ ਕੋਠੇ ਭਾਊ ਸਲੀਣਾ ਵਿਚ ਚਚੇਰੇ ਭਰਾਵਾਂ ਵਿੱਚ ਟਿਊਬਵੈੱਲ ਦੀ ਮਾਲਕੀ ਤੋਂ ਹੋਏ ਝਗੜੇ ਨੇ ਕਿਸਾਨ ਚਮਕੌਰ ਸਿੰਘ ਦੇ ਘਰ ਸੱਥਰ ਵਿਛਾ ਦਿੱਤਾ। ਕਥਿਤ ਤੌਰ ’ਤੇ ਚਚੇਰੇ ਭਰਾਵਾਂ ਵੱਲੋਂ ਜ਼ਹਿਰੀਲੀ ਦਵਾਈ ਪਿਲਾਉਣ ਮਗਰੋਂ 28 ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਚਮਕੌਰ ਸਿੰਘ ਨੇ ਅੱਜ ਦਮ ਤੋੜ ਦਿੱਤਾ। ਉਸ ਨੇ 8 ਦਿਨ ਪਹਿਲਾਂ ਵੀਡੀਓ ਵਾਇਰਲ ਕਰ ਕੇ ਇਨਸਾਫ਼ ਦੀ ਮੰਗ ਕੀਤੀ ਸੀ।
ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਚਮਕੌਰ ਸਿੰਘ ਦੇ ਪਰਿਵਾਰ ਨੇ ਅੱਜ ਇੱਥੇ ਸਿਵਲ ਹਸਪਤਾਲ ਵਿਚ ਧਰਨਾ ਲਾਇਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਟਿਊਬਵੈੱਲ ਦੇ ਝਗੜੇ ਕਾਰਨ ਚਮਕੌਰ ਸਿੰਘ ਦੇ ਚਚੇਰੇ ਭਰਾਵਾਂ ਨੇ 21 ਜੂਨ ਨੂੰ ਉਸ ਨੂੰ ਆਪਣੇ ਘਰ ਲਿਜਾ ਕੇ ਕਥਿਤ ਤੌਰ ’ਤੇ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਸੀ। ਉਸ ਨੂੰ ਡੀਐੱਮਸੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਅੱਜ ਮੌਤ ਹੋ ਗਈ। ਪਰਿਵਾਰ ਨੇ 10 ਜੁਲਾਈ ਨੂੰ ਚਮਕੌਰ ਸਿੰਘ ਵੱਲੋਂ ਹਸਪਤਾਲ ’ਚੋਂ ਜਾਰੀ ਕੀਤੀ ਵੀਡੀਓ ਮੀਡੀਆ ਨੂੰ ਦਿਖਾਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਨੇ ਕਥਿਤ ਸਿਆਸੀ ਦਬਾਅ ਹੇਠ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚਮਕੌਰ ਸਿੰਘ ਦੇ ਪਿਤਾ ਦੇ ਨਾਮ ਉੱਤੇ ਬਿਜਲੀ ਮੋਟਰ ਦਾ ਕੁਨੈਕਸ਼ਨ ਸੀ ਅਤੇ ਉਸ ਦੇ ਚਚੇਰੇ ਭਰਾ ਮਾਲਕਾਨਾ ਹੱਕ ਜਤਾਉਂਦੇ ਸਨ।
ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਮ੍ਰਿਤਕ ਦੇ ਚਚੇਰੇ ਭਰਾਵਾਂ ਇਕਬਾਲ ਸਿੰਘ, ਨਿਰਮਲ ਸਿੰਘ (ਦੋਵੇਂ ਭਰਾ) ਅਤੇ ਬਲਜੋਤ ਸਿੰਘ, ਸ਼ਮਸ਼ੇਰ ਸਿੰਘ ਵਾਸੀ ਪਿੰਡ ਕੋਠੇ ਭਾਊ ਸਲੀਣਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੀ ਧਿਰ ਨੇ ਕਿਹਾ ਕਿ ਸਾਜ਼ਿਸ਼ ਤਹਿਤ ਇਹ ਕਹਾਣੀ ਰਚੀ ਗਈ ਹੈ। ਉਨ੍ਹਾਂ ਦਾ ਥਾਣੇ ਵਿਚ ਪੰਚਾਇਤੀ ਰਾਜ਼ੀਨਾਮਾ ਹੋਇਆ ਸੀ ਅਤੇ ਮਗਰੋਂ ਰਾਜ਼ੀਨਾਮੇ ਤੋਂ ਮੁੱਕਰ ਗਏ ਸਨ।