ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 31 ਦਸੰਬਰ
ਸਥਾਨਕ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਔਰਤਾਂ ਦੀ ਸਰੁੱਖਿਆ ਦੇ ਨਾਮ ’ਤੇ ਚੁੱਕ ਕੇ ਕਿਸੇ ਹੋਰ ਸ਼ਹਿਰ ਲਿਜਾਣ ਦੀ ਕੋਸ਼ਿਸ ਦੇ ਖਿਲਾਫ਼ ਗ੍ਰਾਮ ਪੰਚਾਇਤ, ਨਰੇਗਾ ਮਜ਼ਦੂਰ, ਕਿਸਾਨ ਜੱਥੇਬੰਦੀਆਂ ਅਤੇ ਨਗਰ ਨਿਵਾਸੀਆਂ ਵੱਲੋਂ ਅੱਜ ਬਰਨਾਲਾ-ਬਾਜਾਖਾਨਾ ਜੀਟੀ ਰੋਡ ’ਤੇ ਚੱਕਾ ਜਾਮ ਕੀਤਾ ਗਿਆ ਅਤੇ ਸੀਡੀਪੀਓ ਦਫਤਰ ਸ਼ਹਿਣਾ ਅੱਗੇ ਧਰਨਾ ਲਾਇਆ ਗਿਆ। ਧਰਨੇ ਨੂੰ ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ, ਸਰਪੰਚ ਮਲਕੀਤ ਕੌਰ, ਸਮਾਜ ਸੇਵੀ ਸੁਖਵਿੰਦਰ ਸਿੰਘ ਕਲਕੱਤਾ, ਰੰਘਰੇਟਾ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ, ਆਂਗਣਵਾੜੀ ਯੂਨੀਅਨ ਦੀ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਬਾਵਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸੀਡੀਪੀਓ ਦਫ਼ਤਰ ਬਿਲਕੁਲ ਸਰੁੱਖਿਅਤ ਹੈ ਅਤੇ ਔਰਤਾਂ ਦੀ ਅਸਰੁੱਖਿਅਤ ਵਾਲੀ ਗੱਲ ਬੇਬੁਨਿਆਦ ਅਤੇ ਬੇਤੁਕੀ ਹੈ। ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਜੇ ਦਫ਼ਤਰ ਚੁੱਕਣ ਦੀ ਕਥਿਤ ਕੋਸ਼ਿਸ ਕੀਤੀ ਗਈ ਤਾਂ ਸਭ ਤੋਂ ਪਹਿਲਾ ਉਹ ਧਰਨੇ ’ਤੇ ਬੈਠਣਗੇ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਹਿਣਾ ਭੂਸ਼ਣ ਕੁਮਾਰ ਜ਼ਿਲ੍ਹਾ ਅਧਿਕਾਰੀ ਦੇ ਆਦੇਸ਼ਾਂ ’ਤੇ ਧਰਨੇ ਵਾਲੀ ਥਾਂ ’ਤੇ ਪੁੱਜੇ ਅਤੇ ਸੀਡੀਪੀਓ ਦਫ਼ਤਰ ਨਾ ਚੁੱਕਣ ਦਾ ਭਰੋਸਾ ਦਿੱਤਾ। ਭਰੋਸੇ ਪਿੱਛੋਂ ਧਰਨਾ ਸਮਾਪਤ ਕਰ ਦਿੱਤਾ ਗਿਆ।