ਲਖਵਿੰਦਰ ਸਿੰਘ
ਮਲੋਟ, 22 ਜੂਨ
ਰਜਵਾਹਿਆਂ ‘ਚ ਪਾਣੀ ਦੀ ਪੂਰਤੀ ਕਰਾਉਣ ਲਈ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਸਥਿਤ ਪਿੰਡ ਈਨਾ ਖੇੜਾ ਵਿੱਚ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਧਰਨਾ ਲਗਾ ਕੇ ਨਹਿਰੀ ਵਿਭਾਗ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਲਖਨਪਾਲ ਸ਼ਰਮਾ ਭਾਕਿਯੂ ਸਿੱਧੂਪੁਰ, ਰਮਨ ਕੁਮਾਰ ਭਾਕਿਯੂ ਉਗਰਾਹਾਂ, ਨੇਮਪਾਲ ਸਿੰਘ, ਸੁਖਚੈਨ ਸਿੰਘ ਭੈਲ, ਦਰਸ਼ਨ ਸਿੰਘ ਅਤੇ ਡਾ. ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਨਹਿਰਾਂ ਵਿੱਚ ਤਾਂ ਪਾਣੀ ਫੁੱਲ ਹੈ ਪਰ ਨਹਿਰ ਵਿਭਾਗ ਵੱਲੋਂ ਅੱਧੀ ਦਰਜਨ ਪਿੰਡਾਂ ਡੱਬਵਾਲੀ ਢਾਬ, ਸ਼ਾਮ ਖੇੜਾ, ਬੁਰਜ ਸਿੱਧਵਾਂ, ਪਿੰਡ ਮਲੋਟ ਅਤੇ ਕਰਮਗੜ੍ਹ ਆਦਿ ਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਵਾਲੇ ਕਰਮਗੜ੍ਹ ਰਜਬਾਹੇ ਵਿੱਚ ਜਾਣ-ਬੁੱਝ ਕੇ ਪਾਣੀ ਪੂਰਾ ਨਹੀਂ ਛੱਡਿਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਕਿਸਾਨ ਪਹਿਲਾਂ ਵੀ ਪੰਨੀਵਾਲਾ ਚੌਕ ਵਿੱਚ ਧਰਨਾ ਲਗਾ ਚੁੱਕੇ ਹਨ ਅਤੇ ਏਡੀਸੀ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਨ ਪਰ ਫਿਰ ਵੀ ਕਿਸਾਨਾਂ ਦੀ ਸਮੱਸਿਆ ਹੱਲ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਐਕਸੀਅਨ ਨਹਿਰ ਵਿਭਾਗ ਵੱਲੋਂ ਪੰਨੀਵਾਲਾ ਵਿੱਚ ਪਾਣੀ ਪੂਰਾ ਕਰਨ ਦਾ ਵਾਅਦਾ ਕਰਨ ਮਗਰੋਂ ਹੀ ਧਰਨਾ ਸਮਾਪਤ ਕੀਤਾ ਸੀ ਪਰ ਇਸ ਦੇ ਬਾਵਜੂਦ ਪਾਣੀ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਪਾਣੀ ਪੂਰਾ ਨਾ ਹੋਇਆ ਤਾਂ ਉਹ ਵੱਡੇ ਪੱਧਰ ’ਤੇ ਪਿੰਡਾਂ ਵਿੱਚ ਸੰਘਰਸ਼ ਵਿੱਢਣਗੇ।