ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਸਤੰਬਰ
ਇਥੇ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਹਰੀਏਵਾਲਾ ਵਿਖੇ ਢਾਈ ਮਹੀਨੇ ਪਹਿਲਾਂ 25 ਜੂਨ ਨੂੰ ਸਾਬਕਾ ਫ਼ੌਜੀ ਕਿਸਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਪਰਿਵਾਰ ਦਾ ਦਾਅਵਾ ਹੈ ਕਿ ਮੌਤ ਕੁਦਰਤੀ ਨਹੀਂ ਸੀ ਸਗੋਂ ਸਿਰ ਵਿੱਚ ਸੱਟ ਲੱਗੀ ਹੋਣ ਕਾਰਨ ਪਿੰਡ ਦੇ ਕੁਝ ਲੋਕਾਂ ਉੱਤੇ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਮਾਮਲੇ ’ਚ ਪਰਿਵਾਰ ਤੇ ਦੇਵਿੰਦਰ ਸਿੰਘ ਹਰੀਏਵਾਲਾ ਦੀ ਅਗਵਾਈ ਹੇਠ ਜਥੇਬੰਦੀਆਂ ਨੇ ਅੱਜ ਬਾਘਾਪੁਰਾਣਾ ਚੌਕ ’ਚ ਚੱਕਾ ਜਾਮ ਕਰਕੇ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਦੀ ਮੌਤ ਦੇ ਮਾਮਲੇ ’ਚ ਹੱਤਿਆ ਦਾ ਕੇਸ ਦਰਜ਼ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਢਾਈ ਮਹੀਨੇ ਪਹਿਲਾਂ 25 ਜੂਨ ਨੂੰ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਪਿੰਡ ਹਰੀਏ ਵਾਲਾ ਦੀ ਖੇਤ ਦੇ ਟਿਊਬਵੈਲ ’ਚੋਂ ਲਾਸ਼ ਮਿਲੀ ਸੀ। ਉਸ ਦੇ ਸਿਰ ਵਿੱਚ ਸੱਟ ਦਾ ਨਿਸ਼ਾਨ ਸੀ ਪਰ ਪੁਲੀਸ ਨੇ ਵਾਰਸਾਂ ਦੇ ਬਿਆਨ ਉੱਤੇ ਕੁਦਰਤੀ ਮੌਤ ਮੰਨਦੇ ਹੋਏ ਧਾਰਾ 174 ਸੀਆਰਪੀਸੀ ਤਹਿਤ ਪੋਸਟ ਮਾਰਟਮ ਦੀ ਕਾਰਵਾਈ ਕੀਤੀ ਸੀ। ਹੁਣ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਦੀ ਮੌਤ ਕੁਦਰਤੀ ਨਹੀਂ ਸਗੋਂ ਉਸਦੀ ਹੱਤਿਆ ਕੀਤੀ ਗਈ ਹੈ। ਇਸ ਮੌਕੇ ਪਰਿਵਾਰ ਵਾਲਿਆਂ ਵੱਲੋਂ ਕਥਿਤ ਮੁਲਜਮਾਂ ਦੇ ਨਾਮ ਵੀ ਨਸ਼ਰ ਕੀਤੇ ਗਏ। ਇਸ ਮੌਕੇ ਪੀੜਤ ਪਰਿਵਾਰ ਦੇ ਹੱਕ ਵਿੱਚ ਸਿੱਖ ਜਥੇਬੰਦੀ ਆਗੂ ਦੇਵਿੰਦਰ ਸਿੰਘ ਹਰੀਏਵਾਲਾ ਤੇ ਹੋਰਾਂ ਨੇ ਹਾਅ ਦਾ ਨਾਅਰਾ ਮਾਰਦੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਜਾਂਚ ਮਗਰੋਂ ਕਾਰਵਾਈ ਦਾ ਭਰੋਸਾ ਦਿੱਤਾ। ਥਾਣਾ ਮੁਖੀ ਹਰਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸੀਨੀਅਰ ਅਧਿਕਾਰੀ ਕਰ ਰਹੇ ਹਨ।