ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਸਤੰਬਰ
ਇੱਥੇ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਹਰੀਏਵਾਲਾ ਵਿੱਚ ਕਰੀਬ ਢਾਈ ਮਹੀਨੇ ਪਹਿਲਾਂ 25 ਜੂਨ ਨੂੰ ਸਾਬਕਾ ਫ਼ੌਜੀ ਕਿਸਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਪਰਿਵਾਰ ਦਾ ਦਾਅਵਾ ਹੈ ਕਿ ਮੌਤ ਕੁਦਰਤੀ ਨਹੀਂ ਸੀ ਸਗੋਂ ਸਿਰ ਵਿੱਚ ਸੱਟ ਲੱਗੀ ਹੋਣ ਕਾਰਨ ਉਨ੍ਹਾਂ ਪਿੰਡ ਦੇ ਕੁਝ ਲੋਕਾਂ ਉੱਤੇ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਡੀਐੱਸਪੀ ਜਸਬਿੰਦਰ ਸਿੰਘ ਖਹਿਰਾ ਨੇ ਕਾਰਵਾਈ ਦਾ ਭਰੋਸਾ ਦਿੱਤਾ।
ਥਾਣਾ ਮੁਖੀ ਹਰਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸੀਨੀਅਰ ਅਧਿਕਾਰੀ ਕਰ ਰਹੇ ਹਨ। ਪੁਲੀਸ ਵੱਲੋਂ 2 ਦਿਨ ਅੰਦਰ ਕੇਸ ਦਰਜ ਕਰਨ ਦੇ ਭਰੋਸੇ ਮਗਰੋਂ ਦੁਪਹਿਰ 2 ਵਜੇ ਧਰਨਾਂ ਖ਼ਤਮ ਕਰ ਦਿੱਤਾ ਗਿਆ।
ਇਸ ਮਾਮਲੇ ’ਚ ਪਰਿਵਾਰ ਤੇ ਦੇਵਿੰਦਰ ਸਿੰਘ ਹਰੀਏਵਾਲਾ ਦੀ ਅਗਵਾਈ ਹੇਠ ਜਥੇਬੰਦੀਆਂ ਨੇ ਅੱਜ ਬਾਘਾਪੁਰਾਣਾ ਚੌਕ ’ਚ ਚੱਕਾ ਜਾਮ ਕਰਕੇ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਦੀ ਮੌਤ ਦੇ ਮਾਮਲੇ ’ਚ ਹੱਤਿਆ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨੇ ਬੀਤੀ 24 ਜੁਲਾਈ ਨੂੰ ਵੀ ਬਾਘਾਪੁਰਾਣਾ-ਮੁੱਦਕੀ ਰੋਡ ਉੱਤੇ ਚੱਕਾ ਜਾਮ ਕੀਤਾ ਗਿਆ ਸੀ। ਇਸ ਮੌਕੇ ਪੁਲੀਸ ਵੱਲੋਂ ਜਾਂਚ ਕਰਕੇ ਇਨਸਾਫ਼ ਦਾ ਭਰੋਸਾ ਦੇਣ ਦੀ ਗੱਲ ਆਖਣ ਉੱਤੇ ਧਰਨਾ ਚੁੱਕਿਆ ਗਿਆ ਸੀ। ਜਾਣਕਾਰੀ ਮੁਤਾਬਕ ਕਰੀਬ ਢਾਈ ਮਹੀਨੇ ਪਹਿਲਾਂ 25 ਜੂਨ ਨੂੰ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਪਿੰਡ ਹਰੀਏ ਵਾਲਾ ਦੀ ਖੇਤ ਦੇ ਟਿਊਬਵੈਲ ’ਚੋਂ ਲਾਸ਼ ਮਿਲੀ ਸੀ। ਉਸ ਦੇ ਸਿਰ ਵਿੱਚ ਸੱਟ ਦਾ ਨਿਸ਼ਾਨ ਸੀ ਪਰ ਪੁਲੀਸ ਨੇ ਵਾਰਸਾਂ ਦੇ ਬਿਆਨ ਉੱਤੇ ਕੁਦਰਤੀ ਮੌਤ ਮੰਨਦਿਆਂ ਧਾਰਾ 174 ਸੀਆਰਪੀਸੀ ਤਹਿਤ ਪੋਸਟ ਮਾਰਟਮ ਦੀ ਕਾਰਵਾਈ ਕੀਤੀ ਸੀ। ਹੁਣ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਦੀ ਮੌਤ ਕੁਦਰਤੀ ਨਹੀਂ ਸਗੋਂ ਉਸ ਦੀ ਹੱਤਿਆ ਕੀਤੀ ਗਈ ਹੈ।
ਇਸ ਮੌਕੇ ਪਰਿਵਾਰ ਵਾਲਿਆਂ ਵੱਲੋਂ ਮੁਲਜ਼ਮਾਂ ਦੇ ਨਾਮ ਵੀ ਨਸ਼ਰ ਕੀਤੇ ਗਏ। ਇਸ ਮੌਕੇ ਪੀੜਤ ਪਰਿਵਾਰ ਦੇ ਹੱਕ ਵਿੱਚ ਸਿੱਖ ਜਥੇਬੰਦੀ ਆਗੂ ਦੇਵਿੰਦਰ ਸਿੰਘ ਹਰੀਏਵਾਲਾ ਤੇ ਹੋਰਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ।