ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਫਰਵਰੀ
ਸਰਵ ਭਾਰਤ ਨੌਜਵਾਨ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬੇ ’ਚ ਸਕੂਲ ਤੇ ਹੋਰ ਵਿੱਦਿਅਕ ਸੰਸਥਾਵਾਂ ਖੁੱਲ੍ਹਵਾਉਣ ਲਈ ਮੋਗਾ-ਫ਼ਿਰੋਜਪੁਰ ਕੌਮੀ ਸ਼ਾਹਰਾਹ ’ਤੇ ਚੱਕਾ ਜਾਮ ਕਰ ਕੇ ਅਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਸਕੱਤਰੇਤ ਅੱਗੇ ਰੋਸ ਰੈਲੀ ਕਰ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ ਬਲਾਕ ਪ੍ਰਧਾਨ, ਜਸਵੰਤ ਸਿੰਘ ਮੰਗੇਵਾਲਾ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਸੁਖਜਿੰਦਰ ਮਹੇਸਰੀ ਅਤੇ ਚਮਕੌਰ ਸਿੰਘ ਝੰਡੇਆਣਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਦਬਾਅ ਹੇਠ ਛੇਵੀਂ ਤੋਂ ਉੱਪਰ ਸਕੂਲ ਖੋਲ੍ਹਣ ਦਾ ਐਲਾਨ ਕੀਤਾ, ਪਰ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਮੰਗ ਤੱਕ ਸੰਘਰਸ਼ ਜਾਰੀ ਰਹੇਗਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਮਾਨਸਾ ਵਿੱਚ ਕਰੋਨਾ ਕਾਰਨ ਬੰਦ ਪਏ ਸਕੂਲ/ਕਾਲਜ ਖੁੱਲ੍ਹਵਾਉਣ ਦੀ ਮੰਗ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦੋ ਘੰਟਿਆਂ ਲਈ ਓਵਰਬ੍ਰਿਜ ’ਤੇ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਾਰੀਆਂ ਕਲਾਸਾਂ ਲਈ ਸਕੂਲ ਖੋਲ੍ਹੇ ਜਾਣੇ।
ਭੁੱਚੋ ਮੰਡੀ (ਪਵਨ ਗੋਇਲ): ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਦੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਜਾਮ ਲਾ ਕੇ ਦੋ ਘੰਟੇ ਆਵਾਜਾਈ ਠੱਪ ਕੀਤੀ ਗਈ। ਉਨ੍ਹਾਂ ਪੰਜਾਬ ਵਿੱਚ ਪ੍ਰਾਇਮਰੀ ਸਕੂਲ ਵੀ ਖੋਲ੍ਹੇ ਜਾਣ ਅਤੇ ਟੌਲ ਪਲਾਜ਼ਾ ਦੇ 15 ਕਿਲੋਮੀਟਰ ਦੇ ਦਾਇਰੇ ਵਿੱਚ ਟੌਲ ਟੈਕਸ ਮੁਆਫ਼ ਕਰਨ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਮੰਨੇ ਜਾਣ ਦੀ ਮੰਗ ਕੀਤੀ। ਧਰਨੇ ਦੌਰਾਨ ਟੌਲ ਪਲਾਜ਼ਾ ਦੇ ਮੈਨੇਜਰਾਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਕੇ ਮਸਲੇ ਦੇ ਹੱਲ ਲਈ ਇੱਕ ਹਫ਼ਤੇ ਦੀ ਮੋਹਲਤ ਲਈ।
ਭਦੌੜ (ਰਾਜਿੰਦਰ ਵਰਮਾ): ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹਵਾਉਣ ਲਈ ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਮੂਹਰੇ ਬਰਨਾਲਾ-ਬਾਜਾਖਾਨਾ ਮੁੱਖ ਮਾਰਗ ’ਤੇ ਜਾਮ ਲਗਾਇਆ ਗਿਆ। ਯੂਨੀਅਨ ਦੇ ਬਲਾਕ ਪ੍ਰਧਾਨ ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਮਾਨ ਤੇ ਕਾਲਾ ਸਿੰਘ ਜੈਦ ਨੇ ਕਿਹਾ ਕਿ ਨਰਸਰੀ ਤੋਂ ਲੈ ਕੇ ਸਾਰੀਆਂ ਕਲਾਸਾਂ ਲੱਗਣ ਤਾਂ ਜੋ ਬੱਚਿਆਂ ਦਾ ਭਵਿੱਖ ਬਣ ਸਕੇ।
ਅਜੀਤਵਾਲ (ਗੁਰਪ੍ਰੀਤ ਦੌਧਰ): ਵਿੱਦਿਅਕ ਸੰਸਥਾਵਾਂ ਨੂੰ ਮੁਕੰਮਲ ਰੂਪ ਵਿੱਚ ਖੁੱਲਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅਜੀਤਵਾਲ ਵਿੱਚ ਮੋਗਾ-ਲੁਧਿਆਣਾ ਹਾਈਵੇਅ `ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਥੀ ਵੀ ਸ਼ਾਮਲ ਹੋਏ।
ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹਾ ਬਰਨਾਲਾ ਅੰਦਰ ਬੀਕੇਯੂ ਡਕੌਂਦਾ ਸਮੇਤ ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਿਲ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬਾਅਦ ਦੁਪਹਿਰ 12 ਤੋਂ 2 ਵਜੇ ਤੱਕ (ਮਹਿਲਕਲਾਂ, ਟੱਲੇਵਾਲ, ਸੰਘੇੜਾ, ਚੀਮਾ ਟੌਲ ਪਲਾਜ਼ਾ, ਭਦੌੜ, ਤਪਾ, ਧੌਲਾ, ਰੂੜੇਕੇ ਕਲਾਂ, ਧਨੌਲਾ, ਹੰਢਿਆਇਆ ਆਦਿ ਵਿੱਚ ਧਰਨੇ ਲਗਾ ਕੇ ਸੜਕਾਂ ਜਾਮ ਕੀਤੀਆਂ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਪਹਿਲੀ ਕਲਾਸ ਤੋਂ ਸਾਰੀਆਂ ਕਲਾਸਾਂ ਦੇ ਸਕੂਲ ਖੁਲਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਪਿੰਡ ਚੀਮਾ ਦੇ ਬੱਸ ਅੱਡੇ ‘ਤੇ ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ। ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਦੋ ਘੰਟਿਆਂ ਲਈ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਅੱਜ ਵੱਡੀ ਗਿਣਤੀ ’ਚ ਇਕੱਤਰ ਕਿਸਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਸਕੂਲ ਖੁੱਲ੍ਹਵਾਉਣ ਦੀ ਮੰਗ ਲਈ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਮੁਕਤਸਰ-ਕੋਟਕਪੂਰਾ ਰੋਡ ’ਤੇ ਉਦੇਕਰਨ ਚੌਕ ਵਿੱਚ ਧਰਨਾ ਦਿੱਤਾ ਗਿਆ।
ਮਹਿਲ ਕਲਾਂ (ਨਵਕਿਰਨ ਸਿੰਘ): ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਪ੍ਰਾਇਮਰੀ ਸਕੂਲ ਖੁੱਲ੍ਹਵਾਉਣ ਦੀ ਮੰਗ ਖਾਤਰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਨਾਲ ਲੈ ਕੇ ਮਹਿਲ ਕਲਾਂ ਵਿਖੇ ਬਰਨਾਲਾ ਲੁਧਿਆਣਾ ਮੁੱਖ ਮਾਰਗ ਦੋ ਘੰਟੇ ਲਈ ਜਾਮ ਕੀਤਾ ਗਿਆ।
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਬੱਚਿਆਂ ਦੇ ਮਾਪਿਆਂ ਅਤੇ ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕਰੋਨਾ ਕਾਰਨ ਬੰਦ ਕੀਤੇ ਸਕੂਲਾਂ ਨੂੰ ਖੁੱਲ੍ਹਵਾਉਣ ਲਈ ਬਰਨਾਲਾ-ਮਾਨਸਾ ਸੜਕ ’ਤੇ ਪਿੰਡ ਧੌਲਾ, ਰੂੜੇਕੇ ਕਲਾਂ ਅਤੇ ਪੱਖੋ ਕਲਾਂ ਵਿੱਚ ਧਰਨੇ ਦਿੱਤੇ ਗਏ।
ਪੱਖੋਂ ਕੈਂਚੀਆਂ (ਰੋਹਿਤ ਗੋਇਲ): ਨੇੜਲੇ ਪਿੰਡ ਢਿੱਲਵਾਂ ਦੇ ਦਸਮੇਸ਼ ਪਬਲਿਕ ਸਕੂਲ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ਹਿਣਾ ਵੱਲੋਂ ਸਕੂਲ ਨਾ ਖੋਲ੍ਹਣ ਦੇ ਰੋਸ ਵਜੋਂ ਸੜਕ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਪਹਿਲੀ ਕਲਾਸ ਤੋਂ ਸਕੂਲ ਖੋਲ੍ਹਣ ਦੀ ਮੰਗ ਕੀਤੀ।
ਧਨੌਲਾ (ਪੁਨੀਤ ਮੈਨਨ): ਕਰੋਨਾ ਕਾਰਨ ਬੰਦ ਸਕੂਲ ਖੁੱਲ੍ਹਵਾਉਣ ਅਤੇ ਹੋਰ ਮੰਗਾਂ ਸਬੰਧੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੌਮੀ ਮਾਰਗ 2 ਘੰਟੇ ਲਈ ਜਾਮ ਕਰਦਿਆਂ ਧਰਨਾ ਦਿੱਤਾ ਗਿਆ। ਇਸ ਮੌਕੇ ਸਕੱਤਰ ਦਰਸ਼ਨ ਕੁੰਨਰਾ, ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ, ਭਜਨ ਸਿੰਘ ਅਤੇ ਸੁਖਪਾਲ ਸਿੰਘ ਬਡਬਰ ਨੇ ਸੰਬੋਧਨ ਕੀਤਾ।
ਅਧਿਕਾਰੀ ਨਾ ਮਿਲਣ ਤੋਂ ਰੋਹ ਵਿੱਚ ਆਏ ਧਰਨਾਕਾਰੀ
ਤਲਵੰਡੀ ਸਾਬੋ (ਜਗਜੀਤ ਸਿੰੰਘ ਸਿੱਧੂ): ਕਰੋਨਾ ਦੀ ਆੜ ਵਿੱਚ ਬੰਦ ਪਏ ਸਕੂਲ ਖੁੱਲ੍ਹਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਤੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੇ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਪਹਿਲਾਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਐੱਸਡੀਐੱਮ ਦਫ਼ਤਰ ਅੱਗੇ ਪਹੁੰਚ ਕੇ ਧਰਨਾ ਲਾਇਆ ਪਰ ਅਧਿਕਾਰੀ ਦੇ ਨਾ ਮਿਲਣ ਤੋਂ ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਗੁਰੂ ਰਵਿਦਾਸ ਚੌਕ ਪਹੁੰਚ ਕੇ ਆਵਾਜਾਈ ਬੰਦ ਕਰ ਦਿੱਤੀ ਜਿਸ ਤੋਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਹੋਈ ਤੇ ਧਰਨੇ ਵਾਲੀ ਜਗ੍ਹਾ ਪਹੁੰਚੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਆਗੂਆਂ ਨੇ ਮੰਗ ਪੱਤਰ ਸੌਂਪਿਆ।
ਜਾਮ ਕਾਰਨ ਵਾਹਨਾਂ ਦੀਆਂ ਕਤਾਰਾਂ ਲੱਗੀਆਂ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਇੱਥੇ ਰਾਮਪੁਰਾ ਪਿੰਡ ਚੌਕ ਵਿੱਚ ਸਕੂਲ ਖੁੱਲ੍ਹਵਾਉਣ ਲਈ ਜੀ ਟੀ ਰੋਡ ’ਤੇ ਜਾਮ ਲਾਇਆ ਗਿਆ ਜਿਸ ਦੀ ਅਗਵਾਈ ਬੀਕੇਯੂ ਏਕਤਾ ਡਕੌਂਦਾ ਵੱਲੋਂ ਕੀਤੀ ਗਈ। ਇਸ ਦੌਰਾਨ ਜਾਮ ਲੱਗਣ ਕਾਰਨ ਵਾਹਨਾਂ ਦੀਆਂ ਦੂਰ-ਦੂਰ ਤੱਕ ਕਤਾਰਾਂ ਲੱਗ ਗਈਆਂ ਜਿਸ ਨੂੰ ਦੇਖਦਿਆਂ ਪੁਲੀਸ ਨੇ ਆਵਾਜਾਈ ਨੂੰ ਹੋਰ ਰਸਤਿਆਂ ਰਾਹੀਂ ਲੰਘਾਇਆ।