ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮੋਟਰਾਂ ਤੇ ਘਰੇਲੂ ਬਿਜਲੀ ਸਪਲਾਈ ਦੇ ਮਾੜੇ ਹਾਲ ਤੋਂ ਦੁਖੀ ਹੋ ਕੇ ਇਕੱਠੇ ਹੋ ਕੇ ਮਾਨਸਾ ਕੈਂਚੀਆਂ ਗਰਿੱਡ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਬਿਜਲੀ ਸਪਲਾਈ ਪੱਖੋਂ ਕੈਪਟਨ ਸਰਕਾਰ ਨਖਿੱਧ ਸਾਬਤ ਹੋਈ ਹੈ ਅਤੇ ਝੋਨੇ ਦੇ ਸੀਜ਼ਨ ਦੌਰਾਨ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਹਰ ਰੋਜ਼ 8 ਘੰਟੇ ਦੇਣ ਦਾ ਐਲਾਨ ਕੀਤਾ ਸੀ ਜਿਸ ’ਤੇ ਸਰਕਾਰ ਪੂਰੀ ਨਹੀਂ ਉਤਰ ਰਹੀ। ਉਨ੍ਹਾਂ ਕਿਹਾ ਕਿ 8 ਘੰਟੇ ਦੀ ਬਜਾਏ 6 ਘੰਟੇ ਖੇਤੀ ਮੋਟਰਾਂ ਲਈ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਵਿੱਚ ਵਾਰ ਵਾਰ ਕੱਟ ਲੱਗ ਰਹੇ ਹਨ ਅਤੇ ਕਿਸਾਨਾਂ ਨੂੰ ਮਹਿੰਗਾ ਡੀਜ਼ਲ ਫ਼ੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੋ ਹਾਲ ਘਰੇਲੂ ਬਿਜਲੀ ਸਪਲਾਈ ਦਾ ਹੈ ਜਿਸ ਵਿੱਚ 12 ਘੰਟੇ ਦੇ ਕੱਟ ਲੱਗ ਰਹੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਆਉਂਦੇ ਸਾਰ ਬਠਿੰਡੇ ਦਾ ਸਰਕਾਰੀ ਥਰਮਲ ਪਲਾਂਟ ਬੰਦ ਕਰ ਦਿੱਤਾ ਹੈ ਅਤੇ ਦੂਸਰੇ ਸਰਕਾਰੀ ਥਰਮਲਾਂ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਰਫ ਪ੍ਰਾਈਵੇਟ ਕੰਪਨੀਆਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਡੰਗ ਸਾਰਿਆਂ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇ ਅਤੇ ਘਰੇਲੂ ਬਿਜਲੀ ਸਪਲਾਈ ਲਈ ਭੈਣੀਬਾਘਾ ਫੀਡਰ ਨੂੰ ਸੀ ਕੈਟੇਗਿਰੀ ਵਿੱਚੋਂ ਬਾਹਰ ਕੀਤਾ ਜਾਵੇ। ਇਸ ਮੌਕੇ ਜਗਦੇਵ ਸਿੰਘ, ਜਗਸੀਰ ਸਿੰਘ, ਜਗਰਾਜ ਸਿੰਘ ਮਾਨਸਾ, ਟੋਨੀ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਮੋਗਾ-ਲੁਧਿਆਣਾ ਕੌਮੀ ਮਾਰਗ ਉੱਤੇ ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਚੱਕਾ ਜਾਮ ਕਰ ਕੇ ਪਾਵਰਕੌਮ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀਕੇਯੂ ਖੋਸਾ ਆਗੂ ਸੁਖਜਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਕਿਸਾਨਾਂ ਨੇ ਚੱਕਾ ਜਾਮ ਕੀਤਾ। ਕਿਸਾਨਾਂ ਨੇ ਆਖਿਆ ਕਿ ਸਰਕਾਰ ਵੱਲੋਂ ਖੇਤੀ ਸੈਕਟਰ ਲਈ ਦਿੱਤੀ ਜਾਣ ਵਾਲੀ 8 ਘੰਟੇ ਬਿਜਲੀ ਨਿਰਵਿਘਨ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਦੋ ਦਿਨ ਵਿੱਚ ਉਨ੍ਹਾਂ ਨੂੰ ਕਰੀਬ 3 ਤੋਂ 5 ਘੰਟੇ ਬਿਜਲੀ ਸਪਲਾਈ ਮਿਲਦੀ ਹੈ। ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਮੋਗਾ ਵਿੱਚ ਭਲਕੇ ਬਿਜਲੀ ਸਪਲਾਈ ਨਾਕਸ ਪ੍ਰਬੰਧਾਂ ਖ਼ਿਲਾਫ਼ ਅਕਾਲੀ ਬਸਪਾ ਗੱਠਜੋੜ ਵੱਲਾ ਗਰਿੱਡ ਅੱਗੇ ਧਰਨਾ ਦਿੱਤਾ ਜਾਵੇਗਾ।
ਲੰਬੀ (ਇਕਬਾਲ ਸਿੰਘ ਸ਼ਾਂਤ): ਖੇਤੀ ਸੈਕਟਰ ਨੂੰ ਬਿਜਲੀ ਕਿੱਲਤ ਦੇ ਮਸਲੇ ’ਤੇ ਭਾਕਿਯੂ ਸਿੱਧੂਪੁਰ ਨੇ ਪਿੰਡ ਮਹਿਣਾ ਵਿੱਚ ਅੱਜ ਦੂਸਰੇ ਦਿਨ ਵੀ ਡੱਬਵਾਲੀ-ਮਲੋਟ ਨੈਸ਼ਨਲ ਹਾਈਵੇਅ-9 ’ਤੇ ਧਰਨਾ ਲਾ ਕੇ ਆਵਜਾਈ ਠੱਪ ਕੀਤੀ। ਹੁਣ ਤੱਕ ਪਾਵਰਕੌਮ ਵੱਲੋਂ ਸੁਣਵਾਈ ਨਾ ਹੋਣ ’ਤੇ ਸਿੱਧੂਪੁਰ ਯੂਨੀਅਨ ਦੇ ਤਿੰਨ ਸਥਾਨਕ ਆਗੂ ਦੋ ਜੁਲਾਈ ਤੋਂ ਮਰਨ ਵਰਤ ’ਤੇ ਬੈਠਣਗੇ। ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਕੱਲ੍ਹ ਦੇਰ ਰਾਤ ਪਾਵਰਕੌਮ ਦੇ ਐਡੀਸ਼ਨਲ ਨਿਗਰਾਨ ਇੰਜਨੀਅਰ ਰਘੂਰੀਤ ਸਿੰਘ ਬਰਾੜ ਨੇ ਮਹਿਣਾ ਵਿੱਚ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਸਾਨਾਂ ਵੱਲੋਂ ਅੱਠ ਘੰਟੇ ਬਿਜਲੀ ਸਪਲਾਈ ਬਾਰੇ ਲਿਖਤੀ ਮੰਗ ’ਤੇ ਅੜੇ ਰਹਿਣ ਕਰਕੇ ਗੱਲਬਾਤ ਸਿਰੇ ਨਾ ਚੜ੍ਹ ਸਕੀ। ਬਾਦਲ ਸਬ ਡਿਵੀਜ਼ਨ ਦੇ ਐਸ.ਡੀ.ਓ. ਰਾਜੀਵ ਗਰੋਵਰ ਨੇ ਕਿਹਾ ਕਿ ਮੀਂਹ ਨਾ ਪੈਣ ਕਾਰਨ ਬਿਜਲੀ ਦੀ ਕਿੱਲਤ ਪੈਦਾ ਹੋ ਰਹੀ ਹੈ।
ਮਾੜੇ ਬਿਜਲੀ ਪ੍ਰਬੰਧਾਂ ਖ਼ਿਲਾਫ਼ ਅਕਾਲੀ ਦਲ ਨੇ ਲਾਇਆ ਧਰਨਾ
ਮਲੋਟ (ਲਖਵਿੰਦਰ ਸਿੰਘ): ਇੱਥੇ ਤਿਕੋਣੀ ਚੌਕ ਵਿੱਚ ਅਕਾਲੀ ਦਲ ਬਾਦਲ ਵੱਲੋਂ ਮਹਿੰਗਾਈ ਅਤੇ ਬਿਜਲੀ ਕੱਟਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਮੌਕੇ ਜਿਹੜੀ ਬਿਜਲੀ ਸਰਪਲੱਸ ਸੀ,ਹੁਣ ਉਸ ਲਈ ਲੋਕ ਤਰਸ ਰਹੇ ਹਨ ਅਤੇ ਲੋਕ ਸੜਕਾਂ ’ਤੇ ਉੱਤਰੇ ਹੋਏ ਹਨ, ਥਾਂ-ਥਾਂ ‘ਤੇ ਧਰਨੇ ਮੁਜ਼ਾਹਰੇ ਹੋ ਰਹੇ ਹਨ। ਬਿਜਲੀ ਦੀ ਮੰਗ ਅਤੇ ਸਪਲਾਈ ਵਿੱਚ 1200 ਮੈਗਾਵਾਟ ਦਾ ਪਾੜਾ ਹੈ। ਇਸ ਮੌਕੇ ਸੁਖਪਾਲ ਸਿੰਘ ਸਾਬਕਾ ਸਰਪੰਚ, ਗੁਰਸੇਵਕ ਸਿੰਘ ਪਿੰਡ ਮਲੋਟ,ਪਿੰਦਰ ਕੰਗ ਆਦਿ ਹਾਜ਼ਰ ਹੋਏ।