ਪੱਤਰ ਪ੍ਰੇਰਕ
ਭੁੱਚੋ ਮੰਡੀ, 2 ਮਾਰਚ
ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਵਾਸੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਕਥਿਤ ਸੱਤ ਆਸਾਮੀਆਂ ਖ਼ਤਮ ਕਰਨ ਤੇ ਪ੍ਰਾਇਮਰੀ ਵਿੰਗ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਦੇ ਵਿਰੋਧ ’ਚ ਸਕੂਲ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਸਿੱਖਿਆ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੀ ਅਗਵਾਈ ਕਰ ਰਹੇ ਸਰਪੰਚ ਅਮਰਿੰਦਰ ਸਿੰਘ, ਪੰਚ ਬਿੱਟੂ ਸਿੰਘ, ਪੰਚ ਰੂੜਾ ਸਿੰਘ, ਪੰਚ ਬਹਾਦਰ ਸਿੰਘ, ਮਜ਼ਦੂਰ ਆਗੂ ਗੁਰਮੇਲ ਗਿਆਨੀ, ਜਗਜੀਤ ਸਿੰਘ ਆਦਿ ਨੇ ਮੰਗ ਕੀਤੀ ਕਿ ਸੈਕੰਡਰੀ ਸਕੂਲ ’ਚ ਖ਼ਤਮ ਕੀਤੀਆਂ ਆਸਾਮੀਆਂ ਬਹਾਲ ਕੀਤੀਆਂ ਜਾਣ ਤੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਅਧਿਆਪਕਾਂ ਦੀ ਚੱਲ ਰਹੀ ਵੱਡੀ ਘਾਟ ਨੂੰ ਪੂਰਾ ਕੀਤਾ ਜਾਵੇ। ਲੈਕਚਰਾਰ ਸੁਖਜੀਤ ਗਿੱਲ ਨੇ ਕਿਹਾ ਕਿ ਸਰੀਰਕ ਸਿੱਖਿਆ, ਅਰਥ ਸਾਸਤਰ, ਸਾਇੰਸ, ਪੰਜਾਬੀ ਤੇ ਸਮਾਜਿਕ ਸਿੱਖਿਆ ਦੀਆਂ ਆਸਾਮੀਆ ਖ਼ਤਮ ਕੀਤੀਆਂ ਗਈਆਂ ਹਨ। ਦੂਜੇ ਪਾਸੇ ਪ੍ਰਿੰਸੀਪਲ ਮਲਕਾ ਰਾਣੀ ਨੇ ਦੱਸਿਆ ਕਿ ਆਸਾਮੀਆਂ ਖ਼ਤਮ ਕੀਤੇ ਜਾਣ ਬਾਰੇ ਉਨ੍ਹਾਂ ਕੋਲ ਕੋਈ ਲਿਖ਼ਤੀ ਜਾਣਕਾਰੀ ਨਹੀਂ ਆਈ। ਉਨ੍ਹਾਂ ਅਨੁਸਾਰ ਸਕੂਲ ’ਚ ਕੁੱਲ 22 ਆਸਾਮੀਆਂ ਹਨ, ਜਿਨ੍ਹਾਂ ’ਚੋਂ ਪੰਜਾਬੀ ਲੈਕਚਰਾਰ, ਐੱਸਐੱਸ ਮਿਸਟ੍ਰੈਸ ਤੇ ਆਰਟ ਆਫ਼ ਕਰਾਫ਼ਟ ਦੀਆਂ 3 ਆਸਾਮੀਆਂ ਖਾਲੀ ਪਈਆਂ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ ਸਿੱਧੂ (ਸੈਕੰਡਰੀ) ਨੇ ਕਿਹਾ ਕਿ ਕਿਸੇ ਤਕਨੀਕੀ ਨੁਕਸ ਕਾਰਨ ਇਹ ਸਮੱਸਿਆ ਹੋਰਨਾਂ ਪਿੰਡਾਂ ਵਿੱਚ ਵੀ ਬਣੀ ਹੋਈ ਹੈ।