ਪਵਨ ਗੋਇਲ
ਭੁੱਚੋ ਮੰਡੀ, 12 ਮਾਰਚ
ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ, ਲੁੱਟਾਂ-ਖੋਹਾਂ ਅਤੇ ਪਿੰਡਾਂ ਵਿੱਚ ਚਿੱਟੇ ਦੀ ਹੋ ਰਹੀ ਵਿਕਰੀ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਲੋਕਾਂ ਨੇ ਭੁੱਚੋ ਪੁਲੀਸ ਚੌਕੀ ਦਾ ਘਿਰਾਓ ਕੀਤਾ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ। ਘਿਰਾਓ ਦੌਰਾਨ ਕਿਸਾਨਾਂ ਨੇ ਚੌਕੀ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਅੰਦਰ ਜਾਂ ਬਾਹਰ ਨਹੀਂ ਆਉਣ ਦਿੱਤਾ।
ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ, ਸਿਮਰਜੀਤ ਸਿੰਘ, ਅਜਮੇਰ ਸਿੰਘ, ਗੁਰਚਰਨ ਸਿੰਘ, ਸੁਖਜੀਤ ਕੌਰ, ਚਰਨਜੀਤ ਕੌਰ, ਗੁਰਮੀਤ ਕੌਰ ਅਤੇ ਜਰਨੈਲ ਕੌਰ ਨੇ ਕਿਹਾ ਕਿ 7 ਮਾਰਚ ਨੂੰ ਦਿੱਤੇ ਧਰਨੇ ਦੌਰਾਨ ਐੱਸਐੱਚਓ ਨਥਾਣਾ ਨੇ ਪੰਜ ਦਿਨਾਂ ਵਿੱਚ ਗੈਰ-ਸਮਾਜੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸ ਕਾਰਨ ਹੀ ਅੱਜ ਚੌਕੀ ਦਾ ਘਿਰਾਓ ਕਰਨਾ ਪਿਆ।
ਇਸ ਮੌਕੇ ਕਿਸਾਨ ਆਗੂ ਬਲਤੇਜ ਸਿੰਘ, ਭੀਮ ਸਿੰਘ ਅਤੇ ਲਖਵੀਰ ਸਿੰਘ ਨੇ ਕਿਹਾ ਕਿ ਚੋਰਾਂ ਵੱਲੋਂ ਖੇਤੀ ਮੋਟਰਾਂ ਤੋਂ ਕੇਬਲਾਂ ਲਾਹੁਣ, ਘਰਾਂ ਵਿੱਚੋਂ ਗੈਸ ਸਿਲੰਡਰ ਚੁੱਕਣ, ਸਬ-ਮਰਸੀਬਲ ਮੋਟਰਾਂ ਦਾ ਲੋਹਾ ਚੋਰੀ ਕਰਨ ਅਤੇ ਸ਼ਹਿਰੀ ਘਰਾਂ ਅੱਗਿਓਂ ਵਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕਿਸੇ ਮੁਲਾਜ਼ਮ ਨੂੰ ਖੁਦ ਤਾਂ ਕੀ ਫੜਨਾ ਸੀ, ਸਗੋਂ ਲੋਕਾਂ ਵੱਲੋਂ ਕਾਬੂ ਕਰ ਕੇ ਫੜਾਏ ਚੋਰਾਂ ਅਤੇ ਝਪਟਮਾਰਾਂ ਨੂੰ ਪੁਲੀਸ ਕੁੱਝ ਸਮੇਂ ਬਾਅਦ ਹੀ ਛੱਡ ਦਿੰਦੀ ਹੈ। ਇਸ ਘਿਰਾਓ ਦੌਰਾਨ ਉਸ ਸਮੇਂ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਘਿਰਾਓ ਦੌਰਾਨ ਕਿਸਾਨ ਆਗੂਆਂ ਨੂੰ ਚੌਕੀ ਇੰਚਾਰਜ ਪਰਬਤ ਸਿੰਘ ਗੈਰ-ਸਮਾਜੀ ਅਨਸਰਾਂ ਨੂੰ ਨੱਥ ਪਾਉਣ ਦੇ ਠੋਕਵੇਂ ਭਰੋਸੇ ਦੇ ਰਹੇ ਸਨ ਤਾਂ ਗਿਆਨੀ ਮਾਰਕੀਟ ਵਿੱਚ ਬਾਲਾ ਜੀ ਕੋਲਡ ਡਰਿੰਕਸ ਦੀ ਦੁਕਾਨ ਦੇ ਗੱਲੇ ਦਾ ਤਾਲਾ ਤੋੜ ਕੇ ਚੋਰ ਲਗਭਗ ਇੱਕ ਲੱਖ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਪੀੜਤ ਦੁਕਾਨਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸਾਹਮਣੇ ਆਪਣੇ ਗੁਦਾਮ ਵਿੱਚ ਸਾਮਾਨ ਦੀ ਗਿਣਤੀ ਕਰਨ ਗਿਆ ਸੀ। ਇਸ ਦੌਰਾਨ ਪੰਜ ਸੱਤ ਮਿੰਟਾਂ ਵਿੱਚ ਹੀ ਚੋਰਾਂ ਨੇ ਪਹਿਲਾਂ ਦਰਵਾਜ਼ੇ ਅਤੇ ਫਿਰ ਦਰਾਜ ਦਾ ਤਾਲਾ ਤੋੜਿਆ ਤੇ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਦੁਕਾਨਦਾਰ ਦੇ ਹੱਕ ਵਿੱਚ ਖੜ੍ਹਦਿਆਂ ਚੋਰਾਂ ਦੀ ਭਾਲ ਕਰਨ ਦੀ ਮੰਗ ਕੀਤੀ।