ਲਖਵੀਰ ਸਿੰਘ ਚੀਮਾ
ਟੱਲੇਵਾਲ, 13 ਅਗਸਤ
ਬਿਜਲੀ ਦੀਆਂ ਪੁਰਾਣੀਆਂ ਤਾਰਾਂ ਨਾ ਬਦਲੇ ਜਾਣ ਤੋਂ ਅੱਕੇ ਚੀਮਾ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਮੋਗਾ-ਬਰਨਾਲਾ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਦੇ ਬਲਾਕ ਆਗੂ ਬਲਵੰਤ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਚੀਮਾ ਦੇ ਪ੍ਰਾਇਮਰੀ ਸਕੂਲ ਕੋਲ ਬਿਜਲੀ ਦੀਆਂ ਤਾਰਾਂ ਪੁਰਾਣੀਆਂ ਹੋਣ ਕਾਰਨ ਕੰਡਮ ਹੋ ਚੁੱਕੀਆਂ ਹਨ ਅਤੇ ਰੋਜ਼ਾਨਾ ਕੋਈ ਨਾ ਕੋਈ ਤਾਰ ਟੁੱਟ ਜਾਂਦੀ ਹੈ। ਇਸ ਨਾਲ ਜਿੱਥੇ ਕੋਈ ਹਾਦਸਾ ਹੋ ਸਕਦਾ ਹੈ, ਉੱਥੇ ਲੋਕਾਂ ਨੂੰ ਅੱਤ ਦੀ ਗਰਮੀ ਵਿੱਚ ਬਿਜਲੀ ਕੱਟ ਦੀ ਸਮੱਸਿਆ ਨਾਲ ਵੀ ਜੂਝਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਾਰਾਂ ਬਦਲਣ ਸਬੰਧੀ ਕਈ ਵਾਰ ਮਹਿਕਮੇ ਨੂੰ ਮਿਲ ਚੁੱਕੇ ਹਨ, ਪਰ ਮਹਿਕਮੇ ਦੇ ਕੰਨਾਂ ’ਤੇ ਜੂੰਅ ਨਹੀਂ ਸਰਕੀ। ਅੱਜ ਅੱਕੇ ਹੋਏ ਲੋਕਾਂ ਨੂੰ ਅੱਜ ਮਜਬੂਰਨ ਰੋਡ ਜਾਮ ਕਰਨਾ ਪਿਆ। ਲਗਭਗ ਦੋ ਘੰਟੇ ਧਰਨਾ ਲੱਗਣ ਤੋਂ ਬਾਅਦ ਐੱਸਡੀਓ ਸ਼ਹਿਣਾ ਨੇ ਧਰਨੇ ਵਿੱਚ ਪਹੁੰਚ ਕੇ ਵਿਸ਼ਵਾਸ ਦਵਾਇਆ ਕਿ ਕੱਲ੍ਹ ਸਵੇਰੇ ਕੰਡਮ ਤਾਰਾਂ ਬਦਲ ਦਿੱਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।