ਜਸਵੰਤ ਜੱਸ
ਫ਼ਰੀਦਕੋਟ, 30 ਜੂਨ
ਫ਼ਰੀਦਕੋਟ ਦੇ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਨਵੀਂ ਇਮਾਰਤ ਉਸਾਰਨ ਲਈ ਸਿਹਤ ਵਿਭਾਗ ਵੱਲੋਂ ਹਸਪਤਾਲ ਵਿੱਚ ਖੜ੍ਹੇ ਸਦੀ ਪੁਰਾਣੇ ਇਕ ਦਰਜਨ ਰੁੱਖਾਂ ਨੂੰ ਪੁੱਟਣ ਦੀ ਪ੍ਰਕਿਰਿਆ ਲੋਕਾਂ ਦੇ ਸਖ਼ਤ ਵਿਰੋਧ ਤੋਂ ਬਾਅਦ ਰੋਕ ਦਿੱਤੀ ਗਈ ਹੈ। ਸਿਹਤ ਵਿਭਾਗ ਨੇ ਜੰਗਲਾਤ ਵਿਭਾਗ ਪਾਸੋਂ ਰੁੱਖ ਪੁੱਟਣ ਦੀ ਮਨਜ਼ੂਰੀ ਮੰਗੀ ਸੀ ਪਰ ਜੰਗਲਾਤ ਵਿਭਾਗ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਸੀ ਕਿ ਇਨ੍ਹਾਂ ਵਿਰਾਸਤੀ ਰੁੱਖਾਂ ਨੂੰ ਪੁੱਟਿਆ ਨਹੀਂ ਜਾ ਸਕਦਾ।
ਫ਼ਰੀਦਕੋਟ ਦੇ ਵਸਨੀਕ ਗੁਰਤਾਜ ਸਿੰਘ ਸੰਧੂ, ਕਰਮਜੀਤ ਸਿੰਘ, ਸੰਦੀਪ ਅਰੋੜਾ ਅਤੇ ਹੈਪੀ ਬਰਾੜ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਨਾਂਹ ਕਰਨ ਦੇ ਬਾਵਜੂਦ ਸਿਹਤ ਵਿਭਾਗ ਨੇ ਰੁੱਖਾਂ ਨੂੰ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਜਿਸ ਦਾ ਅੱਜ ਸ਼ਹਿਰ ਵਾਸੀਆਂ ਨੇ ਸਖਤ ਵਿਰੋਧ ਕੀਤਾ।
ਸਿਵਲ ਹਸਪਤਾਲ ਦੀ ਮੈਡੀਕਲ ਕਮਿਸ਼ਨਰ ਡਾ. ਧੀਰਾ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਬੱਚਾ ਵਿਭਾਗ ਲਈ ਨਵੀਂ ਇਮਾਰਤ ਬਣ ਰਹੀ ਸੀ ਅਤੇ ਇਸ ਦੇ ਲਈ ਕੁਝ ਰੁੱਖਾਂ ਨੂੰ ਕੱਟਿਆ ਜਾਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਨੇ ਇਹ ਰੁੱਖ ਪੱਟਣ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਲਈ ਹੁਣ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਹੀ ਅਗਲਾ ਕਦਮ ਪੁੱਟਿਆ ਜਾਵੇਗਾ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਕਿਸ ਵਿਭਾਗ ਵਿੱਚੋਂ ਰੁੱਖ ਨਹੀਂ ਪੁੱਟਣ ਦਿੱਤੇ ਜਾਣਗੇ। ਉਨ੍ਹਾਂ ਵਾਤਾਵਰਨ ਪ੍ਰੇਮੀਆਂ ਨੂੰ ਭਰੋਸਾ ਦਿਵਾਇਆ ਕਿ ਖੜ੍ਹੇ ਰੁੱਖਾਂ ਨੂੰ ਗੈਰ-ਕਾਨੂੰਨੀ ਤ ਰੀਕੇ ਨਾਲ ਪੁੱਟਣ ਨਹੀਂ ਦਿੱਤਾ ਜਾਵੇਗਾ।
ਇਸ ਵਿਵਾਦ ਤੋਂ ਬਾਅਦ ਹਸਪਤਾਲ ਵਿੱਚ ਬਣ ਰਹੀ ਇਮਾਰਤ ਦਾ ਕੰਮ ਰੋਕ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਮਾਰਤ ਦਾ ਨਕਸ਼ਾ ਪਾਸ ਕਰਵਾਉਣ ਤੋਂ ਪਹਿਲਾਂ ਸਿਹਤ ਵਿਭਾਗ ਨੇ ਨਵੀਂ ਬਣ ਰਹੀ ਇਮਾਰਤ ਲਈ ਲੋੜੀਂਦੀ ਥਾਂ ਦੀ ਸਹੀ ਤਰੀਕੇ ਨਾਲ ਨਿਸ਼ਾਨਦੇਹੀ ਨਹੀਂ ਕੀਤੀ ਜਿਸ ਕਰਕੇ ਇਹ ਵਿਵਾਦ ਪੈਦਾ ਹੋਇਆ ਹੈ।