ਜੋਗਿੰਦਰ ਸਿੰਘ ਮਾਨ
ਮਾਨਸਾ, 8 ਨਵੰਬਰ
ਆਲ ਇੰਡੀਆ ਟਰੇਡ ਯੂਨੀਅਨ ਕੌਂਸਲ ਮਾਨਸਾ ਜ਼ਿਲ੍ਹਾ ਵੱਲੋਂ ਤੇਜਾ ਸਿੰਘ ਸੁਤੰਤਰ ਭਵਨ ਵਿੱਚ ‘ਏਟਕ’ ਦੇ 100ਵੇਂ ਵਰ੍ਹੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਦੇ ਆਗੂ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਦੇਸ਼ ਵਿੱਚ ਸਰਮਾਏਦਾਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਲੋਕ ਵਿਰੋਧੀ ਕਾਲੇ ਕਾਨੂੰਨ ਬਣਾ ਰਹੀ ਹੈ।
ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਕਰੋਨਾ ਸੰਕਟ ਦੌਰਾਨ ਇੱਕ ਪਾਸੇ ਪੂਰੀ ਦੁਨੀਆ ਸੰਕਟ ਦਾ ਸ਼ਿਕਾਰ ਹੋ ਰਹੀ ਹੈ ਅਤੇ ਦੂਜੇ ਪਾਸੇ ਮੋਦੀ ਸਰਕਾਰ ਇਸ ਆੜ ਵਿੱਚ ਤਿੰਨ ਖੇਤੀ ਕਾਲੇ ਕਾਨੂੰਨ, ਮਜ਼ਦੂਰ ਵਿਰੋਧੀ ਕਿਰਤ ਕਾਨੂੰਨ, ਬਿਜਲੀ ਐਕਟ 2020 ਸਮੇਤ ਕਾਲੇ ਕਾਨੂੰਨ ਲਿਆ ਕੇ ਲੋਕਾਂ ਨੂੰ ਹੋਰ ਆਰਥਿਕ ਮੰਦਵਾੜੇ ਵੱਲ ਧੱਕ ਰਹੀ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦੇਸ਼ ਦੀਆਂ 10 ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ਮੌਕੇ ਲੱਖਾਂ ਕਿਰਤੀ ਲੋਕ ਸ਼ਾਮਲ ਹੋਣਗੇ। ਅਖੀਰ ਵਿੱਚ 21 ਮੈਂਬਰੀ ਐਡਹਾਕ ਕਮੇਟੀ ਚੁਣੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਕਾਕਾ ਸਿੰਘ ਸਰਪ੍ਰਸਤ, ਦਰਸ਼ਨ ਪੰਧੇਰ ਕਨਵੀਨਰ, ਨਰੇਸ਼ ਬੁਰਜ ਹਰੀ ਸਕੱਤਰ, ਰਤਨ ਭੋਲਾ ਖ਼ਜ਼ਾਨਚੀ ਸਮੇਤ ਬੂਟਾ ਸਿੰਘ, ਗੁਰਵਿੰਦਰ ਸਿੰਘ, ਨਿਰਮਲ ਮਾਨਸਾ, ਭਗਵਾਨ ਦਾਸ, ਨਾਜਮ ਸਿੰਘ, ਸੁਭਾਸ਼ ਕੁਮਾਰ, ਸੰਤੋਸ਼ ਰਾਣੀ, ਜਗਸੀਰ ਕੁਸਲਾ, ਸੁਖਦੇਵ ਪੰਧੇਰ, ਕ੍ਰਿਸ਼ਨ ਜੋਗਾ ਨੂੰ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਕਾਕਾ ਸਿੰਘ, ਮਨਜੀਤ ਕੌਰ ਦਲੇਲ ਸਿੰਘ ਵਾਲਾ, ਰ ਾਜ ਕੁਮਾਰ, ਦਰਸ਼ਨ ਪੰਧੇਰ, ਜਗਸੀਰ ਕੁਸਲਾ, ਮੱਖਣ ਮਾਨਸਾ ਨੇ ਵੀ ਸੰਬੋਧਨ ਕੀਤਾ।