ਪੱਤਰ ਪ੍ਰੇਰਕ
ਮਹਿਲ ਕਲਾਂ, 17 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਲੜੇ ਗਏ ਸੰਘਰਸ਼ ਦੌਰਾਨ ਟੌਲ ਪਲਾਜ਼ਾ ਮਹਿਲ ਕਲਾਂ ਅੱਗੇ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨ ਆਗੂ ਮਾਸਟਰ ਯਸ਼ਪਾਲ ਮਹਿਲ ਕਲਾਂ ਦੀ ਦੂਸਰੀ ਬਰਸੀ ਸਥਾਨਕ ਸਟੇਡੀਅਮ ਵਿੱਚ ਮਨਾਈ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਵੱਲੋਂ ਉੱਘੇ ਨਾਟਕਕਾਰ ਤੀਰਥ ਚੜਿੱਕ ਦੀ ਨਿਰਦੇਸ਼ਨਾਂ ਹੇਠ ਇਨਕਲਾਬੀ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ ਆਰਐੱਮਪੀਆਈ ਦੇ ਕੌਮੀ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ ਨੇ ਕਿਹਾ ਕਿ ਮਾਸਟਰ ਯਸ਼ਪਾਲ ਆਪਣੇ ਵਿਦਿਆਰਥੀ ਜੀਵਨ ਸਮੇਂ ਤੋਂ ਸੰਘਰਸ਼ਾਂ ਵਿੱਚ ਕੁੱਦੇ ਹੋਏ ਸਨ ਜੋ ਆਪਣੀ ਅਧਿਆਪਕ ਦੀ ਨੌਕਰੀ ਸਮੇਂ ਅਧਿਆਪਕ ਆਗੂ ਤੇ ਸੇਵਾਮੁਕਤੀ ਉਪਰੰਤ ਕਿਸਾਨ ਆਗੂ ਵਜੋਂ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਰਹੇ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਗੁਰਦੀਪ ਸਿੰਘ ਸੋਢਾ ਅਤੇ ਜੁਝਾਰ ਸਿੰਘ ਲੌਗੋਵਾਲ ਨੇ ਲੋਕਾਂ ਨੂੰ ਵਹਿਮਾਂ ਭਰਮਾਂ ’ਚੋਂ ਨਿਕਲ ਕੇ ਆਪਣੇ ਹੱਕਾਂ ਲਈ ਨਿੱਤਰਨ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਮਾਸਟਰ ਯਸ਼ਪਾਲ ਸਰੀਹਾਂ ਦੀ ਪਤਨੀ ਰਾਜ ਰਾਣੀ, ਭਰਾ ਪ੍ਰੇਮ ਸ਼ੰਕਰ ਸ਼ਰੀਹਾਂ, ਪੁੱਤਰੀ ਰਮਨਦੀਪ ਕੌਰ, ਸ਼ੁਭਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।