ਖੇਤਰੀ ਪ੍ਰਤੀਨਿਧ
ਬਰਨਾਲਾ, 22 ਮਾਰਚ
ਸੀਪੀਆਈ ਨਾਲ ਸਬੰਧਤ ਆਲ ਇੰਡੀਆ ਕਿਸਾਨ ਸਭਾ ਵੱਲੋਂ ਸੀਪੀਆਈ ਦੇ ਸਥਾਨਕ ਫਰੀਦ ਨਗਰ ਵਿਚਲੇ ਜ਼ਿਲ੍ਹਾ ਦਫ਼ਤਰ ਦੇ ਅਹਾਤੇ ਵਿੱਚ ਮੁਜਾਰਾ ਲਹਿਰ ਦੇ ਆਗੂਆਂ ਬਾਬਾ ਅਰਜਣ ਸਿੰਘ ਭਦੌੜ, ਨਰੈਣ ਸਿੰਘ, ਚੰਦ ਸਿੰਘ ਤੇ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਕਰਵਾਇਆ ਗਿਆ | ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਸੁਰਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਜਲਾਲਦੀਵਾਲ, ਗੁਰਬਖ਼ਸ ਸਿੰਘ, ਹਰਨੇਕ ਸਿੰਘ ਮਾਨ, ਐਡਵੋਕੇਟ ਹਾਕਮ ਸਿੰਘ ਭੁੱਲਰ, ਪੰਜਾਬ ਇਸਤਰੀ ਸਭਾ ਦੇ ਕੁਸ਼ਲ ਭੌਰਾ, ਕੁਲਵੰਤ ਸਿੰਘ ਤੇ ਜਗਰਾਜ ਸਿੰਘ ਰਾਮਾ ਸ਼ਾਮਲ ਸਨ | ਮੰਚ ਦਾ ਸੰਚਾਲਣ ਕਾਮਰੇਡ ਖੁਸ਼ੀਆ ਸਿੰਘ ਨੇ ਬਾਖੂਬੀ ਕੀਤਾ | ਸੀਪੀਆਈ ਦੇ ਸੂਬਾ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਨੇ ਕਿਹਾ ਕਿ ਲੋਕਤੰਤਰੀ ਮਰਿਆਦਾਵਾਂ ਦਾ ਘਾਣ ਕਰਕੇ ਸੱਤਾ ’ਤੇ ਕਾਬਜ਼ ਭਾਜਪਾ ਸਰਕਾਰ ਤਾਨਾਸ਼ਾਹ ਰੁਖ਼ ਅਖ਼ਤਿਆਰ ਕਰ ਚੁੱਕੀ ਹੈ| ਡਾ. ਸੁਰਜੀਤ ਬਰਾੜ ਨੇ ਮੁਜਾਰਾ ਲਹਿਰ ਤੋਂ ਮੌਜੂਦਾ ਕਿਸਾਨ ਅੰਦੋਲਨ ਤੱਕ ਵਿਆਖਿਆ ਕਰਦਿਆਂ ਖੇਤੀ ਕਾਨੂੰਨਾਂ ਤੇ ਹਾਕਮਾਂ ਦਾ ਲੋਕ ਦੋਖੀ ਵਿਸ਼ਲੇਸ਼ਣ ਪੇਸ਼ ਕੀਤਾ|