ਸੱਤ ਪ੍ਰਕਾਸ਼ ਸਿੰਗਲਾ
ਬਰੇਟਾ, 18 ਮਾਰਚ
ਮੁਜਾਰਾ ਲਹਿਰ ਦੇ ਸ਼ਹੀਦਾਂ ਦੇ ਸੰਘਰਸ਼ਾਂ ਦੀ ਧਰਤੀ ਕਿਸ਼ਨਗੜ੍ਹ ਵਿੱਚ ਉਨ੍ਹਾਂ ਦੀ ਯਾਦ ’ਚ ਭਾਰਤੀ ਕਮਿਊਨਿਸਟ ਪਾਰਟੀ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਮੁਜਾਰਾ ਲਹਿਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਅਤੇ ਪਿੰਡ ਦੀ ਸੱਥ ’ਚ ਕਿਸਾਨ ਕਾਨਫਰੰਸ ਕੀਤੀ ਗਈ। ਕਾਨਫਰੰਸ ਤੋਂ ਪਹਿਲਾਂ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਤੋਂ ਇਲਾਵਾ ਵੱਖ ਵੱਖ ਕਿਸਾਨ ਜਥੇਬੰਦੀਆਂ, ਸਿਆਸੀ ਧਿਰਾਂ ਦੇ ਆਗੂਆਂ ਅਤੇ ਕਿਸਾਨ ਮਜ਼ਦੂਰਾਂ ਵੱਲੋਂ ਸ਼ਹੀਦਾਂ ਦੇ ਸਮਾਰਕ ’ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸ਼ਹੀਦੀ ਸਮਾਰਕ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਕਾਨਫਰੰਸ ਮੌਕੇ ਜੁੜੇ ਇੱਕਠ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਿੱਚ ਆਰਥਿਕ ਬਰਬਾਦੀ ਕਰ ਕੇ ਦੇਸ਼ ਦਾ ਧਨ ਅਡਾਨੀ, ਅੰਬਾਨੀਆਂ ਦੇ ਹਵਾਲੇ ਕਰ ਕੇ ਦੇਸ਼ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ 80 ਫ਼ੀਸਦੀ ਲੋਕ ਉਜੜ ਜਾਣਗੇ। ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਉੱਥੇ ਪੁੱਜਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ 19 ਮਾਰਚ ਨੂੰ ਟਿਕਰੀ ਬਾਰਡਰ ਤੇ ਮੁਜਾਰਾ ਲਹਿਰ ਦੇ ਸਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਇਨਕਲਾਬੀ ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਲੋਕ ਗਾਇਕ ਸੁਖਬੀਰ ਖਾਰਾ ਅਤੇ ਅਜਮੇਰ ਸਿੰਘ ਅਕਲੀਆਂ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਸੁਖਦੇਵ ਸਿੰਘ ਬੋੜਾਵਾਲ, ਮਲਕੀਤ ਸਿੰਘ ਮੰਦਰਾਂ, ਵੇਦ ਪ੍ਰਕਾਸ਼, ਮਲਕੀਤ ਸਿੰਘ ਬਖਸ਼ੀਵਾਲਾ, ਭੁਪਿੰਦਰ ਸਿੰਘ ਗੁਰਨੇ ਤੇ ਜਸਵੰਤ ਸਿੰਘ ਹਾਜ਼ਰ ਸਨ।
ਮੁਜਾਰਾ ਲਹਿਰ ਨਾਲ ਜੁੜੇ ਯੋਧਿਆਂ ਦੇ ਪਰਿਵਾਰਾਂ ਦਾ ਸਨਮਾਨ ਅੱਜ
ਮਾਨਸਾ: ਪੈਪਸੂ ਦੀ ਬਿਸਵੇਦਾਰਾਂ ਖਿਲਾਫ਼ ਲੜੀ ਗਈ ਮੁਜਾਰਾ ਲਹਿਰ ਨਾਲ ਜੁੜੇ ਯੋਧਿਆਂ ਦੇ ਪਰਿਵਾਰਾਂ ਦਾ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਭਲਕੇ 19 ਮਾਰਚ ਨੂੰ ਸਨਮਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਯੋਧਿਆਂ ਨੇ ਪੈਪਸੂ ਦੇ 784 ਪਿੰਡਾਂ ਦੇ ਮੁਜਾਰੇ ਕਿਸਾਨਾਂ ਨੂੰ 16 ਲੱਖ ਏਕੜ ਜ਼ਮੀਨ ਦੇ ਮਾਲਕਾਨਾ ਹੱਕ ਦਿਵਾ ਕੇ ਮੁਜਾਰਿਆਂ ਤੋਂ ਮਾਲਕ ਬਣਾਇਆ। ਇਸ ਸੰਘਰਸ਼ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਵਿੱਚ ਪੁਲੀਸ ਨਾਲ ਖੂਨੀ ਟੱਕਰਾਂ ਅਤੇ ਦਿੱਤੀਆਂ ਕੁਰਬਾਨੀਆਂ ਦਾ ਭਲਕੇ 72ਵਾਂ ਸਾਲ ਹੈ। ਇਸ ਮੌਕੇ ਦਿੱਲੀ ਦੇ ਟਿੱਕਰੀ ਬਾਰਡਰ ਉੱਤੇ ਇਨ੍ਹਾਂ ਕਿਸਾਨੀ ਸੰਘਰਸ਼ ਦੇ ਯੋਧਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
-ਪੱਤਰ ਪ੍ਰੇਰਕ
ਮੁਜਾਰਾ ਲਹਿਰ ਯੋਧਿਆਂ ਦੇ ਵਾਰਸਾਂ ਦਾ ਜਥਾ ਦਿੱਲੀ ਰਵਾਨਾ
ਮਾਨਸਾ (ਜੋਗਿੰਦਰ ਸਿੰਘ ਮਾਨ): ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਆਰਥਿਕ, ਸਮਾਜਿਕ ਅਤੇ ਰਾਜਨੀਤਕ ਬਦਲਾਅ ਲਈ ਦੇਸ਼ ਵਿੱਚ ਦੂਸਰੀ ਆਜ਼ਾਦੀ ਦੀ ਲੜਾਈ ਦਾ ਆਰੰਭ ਹੋ ਚੁੱਕਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੇਲਵੇ ਸਟੇਸ਼ਨ ’ਤੇ ਮੁਜ਼ਾਰਾ ਲਹਿਰ ਦੇ ਸਿਰਮੌਰ ਆਗੂਆਂ ਦੇ ਵਾਰਸਾਂ ਨਾਲ ਦਿੱਲੀ ਰਵਾਨਾ ਹੋਣ ਸਮੇਂ ਕੀਤਾ। ਕਾਮਰੇਡ ਚੌਹਾਨ ਨੇ ਦੱਸਿਆ ਕਿ ਮੁਜਾਰਾ ਲਹਿਰ ਦੇ ਆਗੂਆਂ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾ. ਜੰਗੀਰ ਸਿੰਘ ਜੋਗਾ, ਕਾ. ਧਰਮ ਸਿੰਘ ਫੱਕਰ ਯੋਧਿਆਂ ਦੀ ਯਾਦ ਨੂੰ ਸਮਰਪਿਤ ਟਿਕਰੀ ਬਾਰਡਰ ’ਤੇ 19 ਮਾਰਚ ਨੂੰ ਵਿਸ਼ੇਸ਼ ਪ੍ਰੋਗਰਾਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਪ੍ਰੋਗਰਾਮ ਮੌਕੇ ਯੋਧਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।