ਪੱਤਰ ਪ੍ਰੇਰਕ
ਤਲਵੰਡੀ ਸਾਬੋ, 14 ਜੂਨ
ਗੁਰੂ ਅਰਜਨ ਦੇਵ ਦਾ 415ਵਾਂ ਸ਼ਹੀਦੀ ਦਿਹਾੜਾ ਅੱਜ ਤਖ਼ਤ ਦਮਦਮਾ ਸਾਹਿਬ ਵਿੱਚ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਪਿਛਲੇ ਦੋ ਦਿਨਾਂ ਤੋਂ ਤਖ਼ਤ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਮਾਤਾ ਸਾਹਿਬ ਕੌਰ ਸੁੰਦਰ ਕੌਰ ਵਿੱਚ ਪ੍ਰਕਾਸ਼ ਕੀਤੇ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾ ਕੇ ਅਰਦਾਸ ਕੀਤੀ ਗਈ। ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਸੰਗਤ ਨੂੰ ਸਬੋਧਨ ਕਰਦਿਆਂ ਭਾਈ ਗੁਰਜੰਟ ਸਿੰਘ ਨੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਨਾਲ ਜੁੜੇ ਘਟਨਾਕ੍ਰਮ ਬਾਰੇ ਵਿਸਥਾਰਪੁਰਵਕ ਚਾਨਣਾ ਪਾਇਆ। ਉਨ੍ਹਾਂ ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਲਿਆਂਦੀ ਤਬਦੀਲੀ ਬਾਰੇ ਵੀ ਦੱਸਿਆ। ਭੋਗਾਂ ਸਮੇਂ ਤਖ਼ਤ ਸਾਹਿਬ ਦੇ ਅਮਲੇ ਤੋਂ ਇਲਾਵਾ ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਚੱਠਾ, ਸੀਨੀਅਰ ਕਾਂਗਰਸੀ ਆਗੂ ਇਕਬਾਲ ਸਿੰਘ ਸਿੱਧੂ, ਸਾਬਕਾ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਆਦਿ ਮੋਹਤਵਰ ਤੇ ਸੰਗਤਾਂ ਸ਼ਾਮਲ ਸਨ।ਸ਼ਹੀਦੀ ਦਿਹਾੜੇ ਮੌਕੇ ਤਖ਼ਤ ਦਮਦਮਾ ਸਾਹਿਬ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।
ਸ਼ਹਿਣਾ (ਪੱਤਰ ਪ੍ਰੇਰਕ): ਗੁਰਦੁਆਰਾ ਭਿੜ੍ਹਾ ਸਾਹਿਬ ਸ਼ਹਿਣਾ ਵਿੱਚ ਸਿੱਖ ਧਰਮ ਵਿੱਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੰਨ੍ਹਣ ਵਾਲੇ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਸੇਵਾਦਾਰ ਬਾਬਾ ਸੁਖਪਾਲ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਗੁਰੂ ਅਰਜਨ ਦੇਵ ਦੀ ਲਾਸਾਨੀ ਸ਼ਹਾਦਤ ਤੇ ਬਾਣੀ ਸਮੁੱਚੀ ਲੋਕਾਈ ਨੂੰ ਹੱਕ-ਸੱਚ ਦਾ ਮਾਰਗ ਦਿਖਾਉਂਦੀ ਰਹੇਗੀ। ਇਸ ਮੌਕੇ ਠੰਢੇ ਮਿੱਠੇ ਜਲ ਅਤੇ ਜਲਜ਼ੀਰੇ ਦੀ ਛਬੀਲ ਲਾਈ ਗਈ। ਇਸੇ ਦੌਰਾਲ ਕਸਬਾ ਸ਼ਹਿਣਾ ਦੇ ਪਟਵਾਰਖਾਨਾ ਨੇੜੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਤੇ ਆਲ ਇੰਡੀਆਂ ਰੰਘਰੇਟਾ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਧਾਲੀਵਾਲ ਨੇ ਕਿਹਾ ਕਿ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਥਾਂ-ਥਾਂ ’ਤੇ ਲੋਕਾਂ ਵੱਲੋਂ ਛਬੀਲਾਂ ਲਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਪੰਜਾਬੀਆਂ ਤੋਂ ਇਲਾਵਾ ਅਜਿਹੀ ਸੇਵਾ ਭਾਵਨਾ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ।
ਧਨੌਲਾ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਨੌਲਾ ਦੇ ਵੱਖ-ਵੱਖ ਬਜ਼ਾਰਾਂ ਵਿੱਚ ਨਗਰ ਕੀਰਤਨ ਕੱਢਿਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਇਲਾਕਾ ਵਾਸੀਆਂ ਦੇ ਦਰਸ਼ਨਾਂ ਲਈ ਸਜਾਈ ਗਈ। ਦਫ਼ਤਰ ਨਗਰ ਕੌਂਸਲ ਧਨੌਲਾ ਵੱਲੋਂ ਸੰਗਤ ਲਈ ਛਬੀਲ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਰਦੀਪ ਸੋਢੀ ਅਤੇ ਮੀਤ ਪ੍ਰਧਾਨ ਰਜਨੀਸ਼ ਬਾਂਸਲ ਨੇ ਨੌਜਵਾਨਾਂ ਨੂੰ ਗਾਇਕਾਂ ਦਾ ਪਿੱਛਾ ਛੱਡ ਗੁਰੂਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਲਈ ਪ੍ਰੇਰਿਆ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਨਿਹਾਲ ਸਿੰਘ ਵਾਲਾ ਸਥਿਤ ਬਰਨਾਲਾ ਰੋਡ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਹਰਜਿੰਦਰ ਸਿੰਘ ਅੰਮ੍ਰਿਤਸਰੀਆ ਦੀ ਅਗਵਾਈ ਹੇਠ ਗੁਰੂ ਅਰਜਨ ਦੇਵ ਦੀ ਅਦੁੱਤੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਮਨਦੀਪ ਸਿੰਘ, ਕੁੱਕੂ ਸਾਇਕਲਾਂ ਵਾਲਾ, ਬੱਬੂ ਅੰਮ੍ਰਿਤਸਰੀਆ, ਜੋਬਨ, ਸੇਮਾ, ਰਾਜਾ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਸੇਵਾ ਦੌਰਾਨ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਹਲਕੇ ਵਿੱਚ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਵੱਲੋਂ ਤਖਤੂਪੁਰਾ ਵਿੱਚ ਭਾਰਤੀ ਪੱਤੋ, ਜਸਪਤ ਰਾਏ ਦੀ ਅਗਵਾਈ ਹੇਠ ਛਬੀਲ ਲਗਾਈ ਗਈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦੇ ਪ੍ਰਬੰਧਕਾਂ ਨੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਅਧਿਆਪਕਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ। ਸਕੂਲ ਦੇ ਐੱਮਡੀ ਪ੍ਰੋਫੈਸਰ ਐਮ ਐਲ ਅਰੋੜਾ, ਹੈੱਡ ਮਿਸਟ੍ਰੈੱਸ ਸੋਨੀਆ ਧਵਨ, ਜੀਵਨ ਸਿੰਘ ਸੰਧੂ, ਮਨਮੋਹਨ ਸਿੰਘ ਅਤੇ ਮੈਡਮ ਸ਼ਾਲੂ ਨੇ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਪ੍ਰਣ ਲਿਆ।
ਮਾਨਸਾ (ਪੱਤਰ ਪ੍ਰੇਰਕ): ਨਿਰਵੈਰ ਕਲੱਬ ਮਾਨਸਾ ਅਤੇ ਗ੍ਰਾਮ ਪੰਚਾਇਤ ਠੂਠਿਆਂਵਾਲੀ ਵੱਲੋਂ ਸ਼ਹਿਰ ਦੇ ਵਾਰਡ ਨੰਬਰ-1 ਵਿਖੇ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੌਦਿਆਂ ਦੀ ਛਬੀਲ ਲਗਾਈ ਗਈ, ਜਿਸ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਪੌਦੇ ਵੰਡੇ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਉੱਘੇ ਸਮਾਜ ਸੇਵੀ ਡਾ. ਵਿਜੈ ਸਿੰਗਲਾ ਨੇ ਪੌਦੇ ਵੰਡ ਕੇ ਛਬੀਲ ਦੀ ਸੂਰੁਆਤ ਕੀਤੀ ਗਈ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੌੜ ਹੈ।ਇਸ ਤੋਂ ਇਲਾਵਾ ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਤੇ ਕਲੱਬ ਦੇੇ ਪ੍ਰਧਾਨ ਗੁਰਵਿੰਦਰ ਸਿੰਘ ਧਾਲੀਵਾਲ ਨੇੇ ਦੱਸਿਆ ਕਿ 300 ਦੇ ਲਗਪਗ ਫ਼ਲਦਾਰ,ਫੁੱਲਦਾਰਅਤੇ ਛਾਂਦਾਰ ਪੌਦਿਆਂ ਦੀ ਵੰਡ ਕੀਤੀ ਗਈ।
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੂਟੇ ਲਾਏ
ਧਨੌਲਾ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੱਦੇ ’ਤੇ ਧਨੌਲਾ ਵਿੱਚ ਹਰਿਆਵਲ ਲਹਿਰ ਦੀ ਸ਼ੁਰੂਆਤ ਕਰਦਿਆਂ ਪੌਦੇ ਲਾਏ ਗਏ। ਸਾਬਕਾ ਐੱਮਸੀ ਮਨੀਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਪਾਰਟੀ ਆਗੂ ਪਰਮਿੰਦਰ ਢੀਂਡਸਾ ਦੀ ਅਪੀਲ ’ਤੇ ਧਨੌਲਾ ਦੇ ਬੱਸ ਸਟੈਂਡ, ਪੱਕਾ ਬਾਗ ਵਿੱਚ ਪੌਦੇ ਲਾਏ ਗਏ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਸ ਦੀ ਸੰਭਾਲ ਲਈ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਕੌਸਲਰ ਗੌਰਵ ਕੁਮਾਰ ਬਾਂਸਲ, ਨਵਦੀਪ ਪਰੈਟੀ, ਮਹੰਤ ਹਰਪਾਲ ਜੀਤ, ਪ੍ਰਿੰਸ ਬਾਂਸਲ ਅਤੇ ਲਕਸ਼ ਹਾਜ਼ਰ ਸਨ।