ਭੁੱਚੋ ਮੰਡੀ: ਕਿਰਤੀ ਕਿਸਾਨੀ ਯੂਨੀਅਨ ਨੇ ਪਿੰਡ ਭੁੱਚੋ ਖੁਰਦ ਦੇ ਗੁਰਦੁਆਰਾ ਪਿੱਪਲਸਰ ਵਿੱਚ ਜ਼ਿਲ੍ਹਾ ਪੱਧਰੀ ਕਾਨਫਰੰਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ। ਇਸ ਮੌਕੇ ਨਵਾਂ ਖੇਤੀ ਮਾਡਲ ਵੀ ਪੇਸ਼ ਕੀਤਾ ਗਿਆ। ਕਿਸਾਨ ਆਗੂ ਜਸਵਿੰਦਰ ਝਬੇਲਵਾਲੀ ਅਤੇ ਜ਼ਿਲ੍ਹਾ ਸਕੱਤਰ ਸਵਰਨ ਸਿੰਘ ਪੂਹਲੀ ਨੇ ਕਿਹਾ ਕਿ ਸਿੱਖ ਲਹਿਰ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਪ੍ਰਥਾ ਖ਼ਤਮ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ, ਪਰ ਅੱਜ ਦੀਆਂ ਸਰਕਾਰਾਂ ਜ਼ਮੀਨਾਂ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆ ਹਵਾਲੇ ਕਰ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਆਓ ਪੰਜਾਬ ਦੀ ਭਲਾਈ ਲਈ ਨਵੇਂ ਖੇਤੀ ਮਾਡਲ ਤਹਿਤ ਝੋਨੇ ਦੀ ਖੇਤੀ ਤੋਂ ਕਿਨਾਰਾ ਕਰਕੇ ਕੁਦਰਤ, ਵਾਤਾਵਰਨ ਅਤੇ ਮਨੁੱਖ ਪੱਖੀ ਬਾਗ਼ਬਾਨੀ ਹੇਠ ਰਕਬਾ ਵਧਾਈਏ ਅਤੇ ਡੇਅਰੀ ਫਾਰਮ ਖੋਲ੍ਹੀਏ। -ਪੱਤਰ ਪ੍ਰੇਰਕ