ਪੱਤਰ ਪ੍ਰੇਰਕ
ਮਾਨਸਾ, 6 ਮਾਰਚ
ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਵਿੱਚ ਕੌਮੀ ਸੁਰੱਖਿਆ ਸਪਤਾਹ ਮਨਾਇਆ ਗਿਆ। ਇਸ ਸਪਤਾਹ ਸਬੰਧੀ ਝੰਡਾ ਲਹਿਰਾਉਣ ਦੀ ਰਸਮ ਤਾਪ ਘਰ ਦੇ ਸੀਈਓ ਪੰਕਜ ਸ਼ਰਮਾ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਆਪਣੀ ਤਕਰੀਰ ਦੌਰਾਨ ਦੱਸਿਆ ਕਿ ਤਾਪ ਘਰ ਅਤੇ ਉਸ ਦੇ ਵਪਾਰਕ ਸਾਂਝੇਦਾਰ ਕੈਪਕੋ ਕੇਪੀਐੱਸ ਦੇ ਮੁਲਜ਼ਮਾਂ ਨੇ ਸੁਰੱਖਿਆ ਪ੍ਰੋਟੋਕਾਲ ਦੇ ਪ੍ਰਤੀ ਹਮੇਸ਼ਾ ਜਾਗਰੂਕ ਰਹਿਣ ਦਾ ਸੰਕਲਪ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਤਿਆਰ ਕੀਤੀਆਂ ਗਈਆਂ ਗਤੀਵਿਧੀਆਂ ਹੈਜ਼ਰਡ ਹੰਟ ਮੁਕਾਬਲੇ, ਡਰਾਇੰਗ, ਪੇਟਿੰਗ, ਲੇਖ ਅਤੇ ਸੁਰੱਖਿਆ ਵਿਸ਼ੇ ’ਤੇ ਨਾਅਰੇ ਲਿਖਣ ਸਬੰਧੀ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਲਈ ਉਤਸ਼ਾਹ ਦਿਖਾਇਆ। ਉਨ੍ਹਾਂ ਕਿਹਾ ਕਿ ਹਫ਼ਤੇ ਭਰ ਚੱਲੇ ਇਸ ਅਭਿਆਨ ਦੇ ਤਹਿਤ ਪ੍ਰਦਰਸ਼ਨੀ, ਰੈਲੀ, ਮੀਟਿੰਗਾਂ, ਸਿਹਤ ਜਾਗਰੂਕਤਾ ਪ੍ਰੋਗਰਾਮ ਅਤੇ ਸੁਰੱਖਿਆ ਪ੍ਰਸ਼ੋਨਤਰੀ ਵਰਗੇ ਪ੍ਰੋਗਰਾਮ ਕਰਵਾਏ ਗਏ। ਇਸੇ ਦੌਰਾਨ ਵਿਸ਼ਾਲ ਸਿੰਗਲਾ ਨੇ ਕਿਹਾ ਕਿ ਵੱਡੇ ਕਾਰਖਾਨਿਆਂ ਵਿੱਚ ਸੁਰੱਖਿਆ ਤੋਂ ਬਚਾਅ ਲਈ ਦਿੱਤੀਆਂ ਜਾਂਦੀਆਂ ਜਾਣਕਾਰੀਆਂ, ਉਥੇ ਕੰਮ ਕਰਦੇ ਕਾਮਿਆਂ ਦੀ ਸਿਹਤਯਾਬੀ ਲਈ ਸਭ ਤੋਂ ਜ਼ਰੂਰੀ ਹਨ।