ਪੱਤਰ ਪ੍ਰੇਰਕ
ਬਰਨਾਲਾ, 16 ਅਕਤੂਬਰ
ਇਥੇ ਭੱਠਲ ਭਵਨ ਵਿਚ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਲਾਲ ਸਿੰਘ ਧਨੌਲਾ ਦੀ ਅਗਵਾਈ ਹੇਠ ਸੀਪੀਆਈ (ਮਾਰਕਸਵਾਦੀ) ਦਾ 100ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਸੰਬੋਧਨ ਕਰਦਿਆਂ ਕਾ. ਧਨੌਲਾ ਨੇ ਪਾਰਟੀ ਦੇ ਪਿਛੋਕੜ ’ਤੇ ਝਾਤ ਪਵਾਉਂਦਿਆਂ ਦੱਸਿਆ ਕਿ 17 ਅਕਤੂਬਰ 1920 ਨੂੰ ਤਾਸ਼ਕੰਦ (ਰੂਸ) ਵਿਚ ਕਾ. ਵਲਾਦੀਮੀਰ ਲੈਨਿਨ ਨਾਲ ਮਿਲਣੀ ਮਗਰੋਂ ਆਗੂਆਂ ਨੇ ਭਾਰਤ ਵਿੱਚ ਕਿਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ। ਪੰਜਾਬ ਵਿੱਚ ਵੀ ਇਸ ਪਾਰਟੀ ਦਾ ਮੁੱਢ ਸ਼ੁਰੂ ਵਿੱਚ ਹੀ ਬੱਝ ਗਿਆ ਸੀ। ਫਿਰ ਗਦਰ ਲਹਿਰ, ਬੱਬਰ ਅਕਾਲੀ ਲਹਿਰ ਅਤੇ ਹੋਰ ਖੱਬੇ ਪੱਖੀ ਲਹਿਰਾਂ ਦੇ ਸਾਥੀ ਸ਼ਾਮਿਲ ਹੁੰਦੇ ਗਏ। ਸਮੇਂ ਦੇ ਪ੍ਰਵਾਹ ਉਪਰੰਤ ਨਵੰਬਰ 1964 ਵਿੱਚ ਸੀ.ਪੀ.ਆਈ.ਐਮ. ਦੇ ਰੂਪ ਵਿੱਚ ਪਾਰਟੀ ਦਾ ਨਵਾਂ ਰੂਪ ਹੋਂਦ ਵਿੱਚ ਆਇਆ। ਭਾਰਤ ਦੇ 3 ਸੂਬਿਆਂ ਕੇਰਲਾ, ਪੱਛਮੀ ਬੰਗਾਲ ਤੇ ਤ੍ਰਿਪੁਰਾ ਵਿੱਚ ਖੱਬੇ ਫਰੰਟ ਦੀਆਂ ਸਰਕਾਰਾਂ ਦੀ ਅਗਵਾਈ ਵੀ ਕੀਤੀ। ਪੂੰਜੀਵਾਦੀ ਰੁਝਾਨਾਂ ਦੀ ਚੜ੍ਹਤ ਤੇ ਹੋਰ ਦਰਪੇਸ਼ ਉਤਰਾਅ-ਚੜ੍ਹਾਵਾਂ ਦੇ ਬਾਵਜੂਦ ਪਾਰਟੀ ਅੱਜ ਵੀ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ।