ਪੱਤਰ ਪ੍ਰੇਰਕ
ਏਲਨਾਬਾਦ, 10 ਸਤੰਬਰ
ਏਲਨਾਬਾਦ ਤਹਿਸੀਲ ਦਫ਼ਤਰ ਵਿੱਚ ਅਧਿਕਾਰੀਆਂ ਦੀ ਗੈਰ-ਹਾਜ਼ਰੀ ਵਿੱਚ ਦਫ਼ਤਰ ਦੇ ਕੁਝ ਕਰਮਚਾਰੀ ਆਪਸੀ ਮਿਲੀਭੁਗਤ ਨਾਲ ਕਿਸ ਤਰ੍ਹਾਂ ਗੈਰਕਾਨੂੰਨੀ ਕੰਮ ਦਾ ਫਰਜੀਵਾੜਾ ਚਲਾ ਕੇ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹੋਏ ਹਨ, ਇਸ ਤਰ੍ਹਾਂ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇਸ ਗੈਰਕਾਨੂੰਨੀ ਕੰਮ ਨੂੰ ਅੰਜਾਮ ਦੇਣ ਵਾਲੇ ਕਰਮਚਾਰੀਆਂ ਦੇ ਖ਼ਿਲਾਫ ਕਾਰਵਾਈ ਕਰਨ ਦੀ ਸ਼ਿਕਾਇਤ ਨਾਇਬ ਤਹਿਸੀਲਦਾਰ ਅਜੇ ਕੁਮਾਰ ਨੇ ਸਥਾਨਕ ਪੁਲੀਸ ਥਾਣਾ ਵਿੱਚ ਦਿੱਤੀ ਹੈ। ਸ਼ਿਕਾਇਤ ਵਿੱਚ ਉਨ੍ਹਾਂ ਲਿਖਿਆ ਹੈ ਕਿ 18 ਜੂਨ 2021 ਨੂੰ ਵਸੀਕਾ ਨੰਬਰ 1503 ਅਤੇ 26 ਜੁਲਾਈ 2021 ਨੂੰ ਵਸੀਕਾ ਨੰਬਰ 2816 ਅਤੇ 2817 ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਰਜਿਸਟਰੀਆਂ ਕਰਕੇ ਅਤੇ ਕਰਮਾਰੀਆਂ ਨੇ ਫਰਜ਼ੀ ਹਸਤਾਖ਼ਰ ਕਰਕੇ ਇੱਕ ਗੰਭੀਰ ਮਾਮਲੇ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।