ਸੰਜੀਵ ਹਾਂਡਾ
ਫ਼ਿਰੋਜ਼ਪੁਰ, 15 ਜੂਨ
ਇੱਥੋਂ ਦੇ ਵਿਮੈੱਨ ਥਾਣੇ ਵਿੱਚ ਇੱਕ ਐੱਨਆਰਆਈ ਪਤੀ ਤੇ ਉਸਦੇ ਫ਼ਿਰੋਜ਼ਪੁਰ ’ਚ ਰਹਿੰਦੇ ਮਾਪਿਆਂ ਖ਼ਿਲਾਫ਼ ਧਾਰਾ 498 ਏ ਅਤੇ 406 ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਜ਼ੀਰਾ ਵਾਸੀ ਪ੍ਰਿਯੰਕਾ ਪੁੱਤਰੀ ਅਸ਼ੋਕ ਕਥੂਰੀਆ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਪ੍ਰਿਯੰਕਾ ਨੇ ਆਪਣੇ ਪਤੀ ’ਤੇ ਦੋਸ਼ ਲਾਇਆ ਕਿ ਉਸਨੇ ਪਹਿਲਾਂ ਹੀ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਉਸਨੂੰ ਧੋਖੇ ਵਿੱਚ ਰੱਖ ਕੇ ਉਸ ਨਾਲ ਦੂਜਾ ਵਿਆਹ ਕਰਵਾਇਆ ਤੇ ਹੁਣ ਉਹ ਤੇ ਉਸ ਦੇ ਮਾਪੇ ਉਸ ਕੋਲੋਂ ਹੋਰ ਦਾਜ ਦੀ ਮੰਗ ਕਰ ਰਹੇ ਹਨ। ਡੀਐੱਸਪੀ ਸੀਏਡਬਲਿਊਸੀ ਵੱਲੋਂ ਕੀਤੀ ਪੜਤਾਲ ਮਗਰੋਂ ਇਹ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਿਯੰਕਾ ਨੇ ਦੱਸਿਆ ਕਿ 7 ਦਸੰਬਰ 2020 ਨੂੰ ਉਸਦੀ ਸ਼ਾਦੀ ਮੂਲ ਰੂਪ ਵਿੱਚ ਫ਼ਿਰੋਜ਼ਪੁਰ ਵਾਸੀ ਸੁਭਰਤ ਮਨੋਚਾ ਨਾਲ ਹੋਈ ਸੀ। ਸ਼ਾਦੀ ਤੋਂ ਬਾਅਦ ਪ੍ਰਿਯੰਕਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਸੁਭਰਤ ਮਨੋਚਾ ਇਸ ਸ਼ਾਦੀ ਤੋਂ ਪਹਿਲਾਂ ਹੀ ਕੈਨੇਡਾ ਦਾ ਪੱਕਾ ਵਸਨੀਕ ਬਣ ਚੁੱਕਾ ਸੀ ਤੇ ਇਸ ਵੇਲੇ ਕੈਨੇਡਾ ਵਿੱਚ ਹੀ ਰਹਿ ਰਿਹਾ ਹੈ। ਪ੍ਰਿਯੰਕਾ ਦੇ ਦੱਸਣ ਮੁਤਾਬਕ ਉਸਦੇ ਪਿਤਾ ਅਸ਼ੋਕ ਕੁਮਾਰ ਨੇ ਉਸਦੀ ਸ਼ਾਦੀ ਉਪਰ ਕਰੀਬ ਪੰਦਰਾਂ ਲੱਖ ਰੁਪਏ ਖਰਚੇ ਸਨ। ਸੁਭਰਤ ਮਨੋਚਾ ਨੇ ਇਸ ਸ਼ਾਦੀ ਤੋਂ ਬਾਅਦ ਪ੍ਰਿਯੰਕਾ ਨੂੰ ਛੇਤੀ ਆਪਣੇ ਨਾਲ ਕੈਨੇਡਾ ਲੈ ਜਾਣ ਵਾਸਤੇ ਆਖਿਆ ਸੀ। ਦੋਵਾਂ ਦੀ ਸ਼ਾਦੀ ਦੀ ਰਜਿਸਟਰੇਸ਼ਨ ਜ਼ੀਰਾ ਸਥਿਤ ਤਹਿਸੀਲਦਾਰ ਦੇ ਦਫ਼ਤਰ ਤੋਂ ਹੋ ਚੁੱਕੀ ਹੈ। ਪ੍ਰਿਯੰਕਾ ਦਾ ਦੋਸ਼ ਹੈ ਕਿ ਸ਼ਾਦੀ ਤੋਂ ਕੁਝ ਚਿਰ ਬਾਅਦ ਹੀ ਉਸਦੇ ਪਤੀ ਤੇ ਸੱਸ ਸਹੁਰੇ ਨੇ ਉਸਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦੋਸ਼ ਲਾਇਆ ਕਿ ਸੁਭਰਤ ਉਸ ਨੂੰ ਕੈਨੇਡਾ ਲੈ ਕੇ ਜਾਣ ਤੋਂ ਵੀ ਟਾਲਾ ਵੱਟਣ ਲੱਗ ਪਿਆ। ਪ੍ਰਿਯੰਕਾ ਦੇ ਪਰਿਵਾਰ ਵਾਲਿਆਂ ਨੂੰ ਬਾਅਦ ਵਿੱਚ ਇਹ ਵੀ ਪਤਾ ਲੱਗਾ ਕਿ ਸੁਭਰਤ ਪਹਿਲਾਂ ਤੋਂ ਹੀ ਕੈਨੇਡਾ ਵਿਚ ਰਹਿੰਦੀ ਇੱਕ ਭਾਰਤੀ ਲੜਕੀ ਨਾਲ ਸ਼ਾਦੀਸ਼ੁਦਾ ਸੀ ਤੇ ਉਸਦੀ ਪਹਿਲੀ ਸ਼ਾਦੀ ਫ਼ਿਰੋਜ਼ਪੁਰ ਸਥਿਤ ਤਹਿਸੀਲਦਾਰ ਦਫ਼ਤਰ ਤੋਂ ਰਜਿਸਟਰਡ ਹੋਈ ਸੀ। ਹਾਲਾਂਕਿ ਬਾਅਦ ਵਿੱਚ ਸੁਭਰਤ ਦਾ ਪਹਿਲੀ ਪਤਨੀ ਨਾਲ ਵੀ ਤਲਾਕ ਹੋ ਗਿਆ ਸੀ। ਇਸ ਗੱਲ ਦਾ ਪਤਾ ਲੱਗਣ ਮਗਰੋਂ ਪ੍ਰਿਯੰਕਾ ਸਦਮੇ ਵਿੱਚ ਚਲੀ ਗਈ। ਪ੍ਰਿਯੰਕਾ ਦਾ ਕਹਿਣਾ ਹੈ ਕਿ ਉਸਦੇ ਸੱਸ ਤੇ ਸਹੁਰਾ ਅਜੇ ਵੀ ਉਸਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ ਟਿਕਟਾਂ ਦੇ ਪੈਸਿਆਂ ਦੀ ਮੰਗ ਕਰ ਰਹੇ ਸਨ। ਮਾਰਚ ਵਿੱਚ ਪ੍ਰਿਯੰਕਾ ਨੇ ਸ਼ਿਕਾਇਤ ਫ਼ਿਰੋਜ਼ਪੁਰ ਪੁਲੀਸ ਪਾਸ ਕੀਤੀ ਸੀ। ਹਾਲਾਂਕਿ, ਪੜਤਾਲ ਦੌਰਾਨ ਸੁਭਰਤ ਦੇ ਪਿਤਾ ਰਾਕੇਸ਼ ਮਨੋਚਾ ਅਤੇ ਮਾਂ ਰਜਨੀ ਮਨੋਚਾ ਨੇ ਪੁਲੀਸ ਨੂੰ ਦੱਸਿਆ ਕਿ ਪ੍ਰਿਯੰਕਾ ਦੇ ਮਾਪਿਆਂ ਨੇ ਆਪਣੀ ਲੜਕੀ ਨੂੰ ਕੈਨੇਡਾ ਭੇਜਣ ਵਾਸਤੇ ਇਹ ਸ਼ਾਦੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਸੁਭਰਤ ਤੇ ਪ੍ਰਿਯੰਕਾ ਅਲੱਗ ਰਹਿਣ ਲੱਗ ਪਏ ਸਨ ਤੇ ਦੋਵਾਂ ਦੇ ਝਗੜੇ ਨੂੰ ਦੇਖਦਿਆਂ ਉਨ੍ਹਾਂ ਦੋਵਾਂ ਨੂੰ ਸਾਲ 2021 ਵਿੱਚ ਬੇਦਖ਼ਲ ਕਰ ਦਿੱਤਾ ਸੀ।