ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 25 ਅਗਸਤ
ਸਥਾਨਕ ਸਬ ਡਿਵੀਜ਼ਨ ਅੰਦਰ ਪੈਂਦੇ ਪਾਵਰਕਾਮ ਦਫ਼ਤਰ ਵਿਚ ਜਾਅਲੀ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਬਿਜਲੀ ਬੋਰਡ ਅੱਗੇ ਦਿਨ ਰਾਤ ਦਾ ਧਰਨਾ ਆਰੰਭ ਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਗਲਤੀ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।
ਜਥੇਬੰਦੀ ਦੇ ਆਗੂ ਦੀਪੂ ਮੰਡੀ ਕਲਾਂ ਨੇ ਦੱਸਿਆ ਕਿ ਇਕ ਪਾਸੇ ਪਾਵਰਕਾਮ ਅਧਿਕਾਰੀਆਂ ਵਲੋਂ ਜਾਅਲੀ ਟਿਊਬਵੈਨ ਕੁਨੈਕਸ਼ਨ ਜਾਰੀ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਕਿਸਾਨਾਂ ਦੇ ਕੁਨੈਕਸ਼ਨ ਫਰਜ਼ੀ ਕਹਿ ਕੇ ਕੱਟੇ ਜਾ ਰਹੇ ਹਨ। ਇਸ ਨੂੰ ਜਥੇਬੰਦੀ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕਰੇਗੀ। ਸੂਬਾ ਸਕੱਤਰ ਕਾਕਾ ਸਿੰਘ ਕੋਟੜਾ ਨੇ ਸਵਾਲ ਕੀਤਾ ਕਿ ਕਿਸਾਨਾਂ ਵੱਲੋਂ ਟਿਊਬਵੈਲ ਕੁਨੈਕਸ਼ਨ ਲੈਣ ਲਈ ਫੀਸ ਪਹਿਲਾਂ ਹੀ ਭਰੀ ਜਾ ਚੁੱਕੀ ਹੈ ਤੇ ਪਾਵਰਕਾਮ ਅਧਿਕਾਰੀਆਂ ਨੇ ਸਾਮਾਨ ਵੀ ਦੇ ਦਿੱਤਾ ਹੈ ਤਾਂ ਫਿਰ ਕੁਨੈਕਸ਼ਨ ਜਾਅਲੀ ਕਿਵੇਂ ਹੋਏ। ਕਿਸਾਨਾਂ ਦੁਆਰਾ ਭਰੀ ਗਈ ਪੇਮੇੈਂਟ ਸਰਕਾਰੀ ਖਜ਼ਾਨੇ ’ਚ ਕਿਉਂ ਨਹੀਂ ਜਮ੍ਹਾਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਇਸ ਮਾਮਲੇ ਦੀ ਪੜਤਾਲ ਨਹੀਂ ਕੀਤੀ ਜਾਂਦੀ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦੋ ਖਪਤਕਾਰਾਂ ਤੋਂ ਇਲਾਵਾ ਦਰਜਨ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅਸਲ ਵਿਚ ਲੋਕਾਂ ਤੋਂ ਟਿਊਬਵੈਲ ਕੁਨੈਕਸ਼ਨ ਦੀ ਫੀਸ ਤਾਂ ਲੈ ਲਈ ਗਈ ਪਰ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਹੀ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣਾ ਕੁਨੈਕਸ਼ਨ ਜਾਅਲੀ ਹੋਣ ਦਾ ਪਤਾ ਉਸ ਸਮੇਂ ਲੱਗਦਾ ਹੈ ਜਦੋਂ ਉਹ ਟਰਾਂਸਫ਼ਾਰਮਰ ਵਿੱਚ ਖਰਾਬੀ ਆਉਣ ਜਾਂ ਲੋਡ ਵਧਾਉਣ ਲਈ ਬਿਜਲੀ ਬੋਰਡ ਦੇ ਦਫ਼ਤਰ ਜਾਂਦੇ ਹਨ। ਕਿਉਂਕਿ ਉਨ੍ਹਾਂ ਦੇ ਕੁਨੈਕਸ਼ਨ ਸਰਕਾਰੀ ਰਿਕਾਰਡ ਵਿਚ ਦਰਜ ਹੀ ਨਹੀਂ ਹਨ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਪੜਤਾਲ ਹੋਣ ਤੱਕ ਧਰਨਾ ਜਾਰੀ ਰਹੇਗਾ। ਧਰਨੇ ਵਿੱਚ ਹਰਦੇਵ ਸਿੰਘ, ਸੁਖਚੈਨ ਸਿੰਘ, ਰਾਜ ਚਾਉਕੇ, ਬਲਰਾਜ ਸਿੰਘ ਮੰਡੀ ਕਲਾਂ, ਹਰਪ੍ਰੀਤ, ਬਲਵੀਰ ਸਿੰਘ, ਜਲੋਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।