ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਜੂਨ
ਰਿਸ਼ਵਤਖੋਰੀ ਦੇ ਦੋ ਸਾਲ ਪੁਰਾਣੇ ਮਾਮਲੇ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਪਾਵਰਕੌਮ ਦੋਦਾ ਦੇ ਲੇਖਾਕਾਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਉਪ ਕਪਤਾਨ ਪੁਲੀਸ (ਵਿਜੀਲੈਂਸ) ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਿੰਡ ਦੋਦਾ ਦੇ ਜਗਦੀਪ ਸਿੰਘ ਤੇ ਅਮਨਦੀਪ ਸਿੰਘ ਨੇ 4 ਕਿੱਲੇ ਜ਼ਮੀਨ ’ਤੇ ਟਿਊਬਵੈਲ ਕੁਨੈਕਸ਼ਨ, ਪਿੰਡ ਬੁੱਟਰ ਸਰੀਂਹ ਦੇ ਅੰਗਰੇਜ਼ ਸਿੰਘ ਤੋਂ ਖਰੀਦਿਆ ਸੀ। ਜਗਦੀਪ ਸਿੰਘ ਨੇ ਇਹ ਕੁਨੈਕਸ਼ਨ ਆਪਣੇ ਨਾਮ ਕਰਾਉਣ ਲਈ ਪਾਵਰਕੌਮ ਦੋਦਾ ਦੇ ਐੱਸਡੀਓ ਨੂੰ ਅਰਜ਼ੀ ਦਿੱਤੀ ਤਾਂ ਉਨ੍ਹਾਂ ਨੇ ਇਹ ਅਰਜ਼ੀ ਮਾਲ ਲੇਖਾਕਾਰ ਨੁੰ ਮਾਰਕ ਕਰ ਦਿੱਤੀ। ਮਾਲ ਲੇਖਾਕਾਰ ਤ੍ਰਿਲੋਕ ਚੰਦ ਨੇ ਮੋਟਰ ਕੁਨੈਕਸ਼ਨ ਤਬਦੀਲ ਕਰਨ ਬਦਲੇ ਜਗਦੀਪ ਸਿੰਘ ਤੋਂ ਤਿੰਨ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਗਦੀਪ ਸਿੰਘ ਨੇ ਤ੍ਰਿਲੋਕ ਚੰਦ ਨੂੰ ਦੋ ਹਜ਼ਾਰ ਰੁਪਏ ਰਿਸ਼ਵਤ ਦਿੰਦਿਆਂ ਇਸ ਦੀ ਆਪਣੇ ਮੋਬਾਈਲ ਫੋਨ ਉੱਪਰ ਵੀਡੀਓ ਰਿਕਾਰਡ ਕਰ ਲਈ ਅਤੇ ਇਸ ਰਿਸ਼ਵਤਖੋਰੀ ਦੇ ਮਾਮਲੇ ਦੀ ਵਿਜੀਲੈਸ ਬਿਊਰੋ ਦੇ ਟੋਲ ਫਰੀ ਮੋਬਾਈਲ ਨੰਬਰ ਉੱਪਰ ਸ਼ਿਕਾਇਤ ਕਰ ਦਿੱਤੀ। ਇਸ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਉਪ ਕਪਤਾਨ ਪੁਲੀਸ (ਵਿਜੀਲੈਂਸ) ਗੁਰਿੰਦਰਜੀਤ ਸਿੰਘ ਸੰਧੂ ਨੇ ਪੜਤਾਲ ਮਗਰੋਂ ਮਾਲ ਲੇਖਾਕਾਰ ਤ੍ਰਿਲੋਕ ਚੰਦ ਖ਼ਿਲਾਫ਼ ਵਿਜੀਲੈਂਸ ਥਾਣਾ ਬਠਿੰਡਾ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।