ਲਖਵੀਰ ਸਿੰਘ ਚੀਮਾ
ਟੱਲੇਵਾਲ, 28 ਸਤੰਬਰ
ਪਿੰਡ ਚੀਮਾ ਦੀ ਸਰਪੰਚ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਪੰਚਾਇਤ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ ਜਿਸ ਦੀ ਪੁਸ਼ਟੀ ਬੀਡੀਪੀਓ ਸ਼ਹਿਣਾ ਜਗਤਾਰ ਸਿੰਘ ਵਲੋਂ ਕੀਤੀ ਗਈ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਜਾਰੀ ਪੱਤਰ ਅਨੁਸਾਰ ਪਿੰਡ ਚੀਮਾ ਦੀ ਸਰਪੰਚ ਮਹਿੰਦਰ ਕੌਰ ਵਲੋਂ ਪਿੰਡ ਦੇ ਵਿਕਾਸ ਕੰਮਾਂ ਲਈ ਖ਼ਰੀਦਿਆ ਗਿਆ ਰੇਤਾ ਵੇਚ ਕੇ ਉਸ ਦਾ ਪੈਸਾ ਆਪਣੇ ਕੋਲ ਰੱਖ ਕੇ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਸਿੱਧ ਹੋਏ ਹਨ ਜਿਸ ਸਬੰਧੀ ਡੀਡੀਪੀਓ ਬਰਨਾਲਾ ਦੀ ਰਿਪੋਰਟ ਵਿੱਚ ਸਰਪੰਚ ’ਤੇ ਕਾਰਵਾਈ ਲਈ ਸਿਫ਼ਾਰਸ਼ ਕੀਤੀ ਗਈ ਹੈ।
ਇਸ ਤੋਂ ਇਲਾਵਾ ਪਿੰਡ ਦੀ ਬਾਜ਼ੀਗਰ ਬਸਤੀ ਦੇ ਲੋਕਾਂ ਲਈ ਆਏ ਆਰ.ਓ ਸਿਸਟਮ ਨੂੰ ਸਰਪੰਚ ਵਲੋਂ ਆਪਣੇ ਘਰ ਲਗਾ ਕੇ ਇਸ ਦੀ ਦੁਰਵਰਤੋਂ ਕੀਤੀ ਹੈ ਜਿਸ ਨੂੰ ਸਰਪੰਚ ਵਲੋਂ ਸਵੀਕਾਰ ਵੀ ਕੀਤਾ ਗਿਆ ਹੈ। ਇਸ ਕਾਰਨ ਪੰਚਾਇਤ ਨੂੰ 1 ਲੱਖ 12 ਹਜ਼ਾਰ 350 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਏਡੀਸੀ (ਵਿਕਾਸ) ਬਰਨਾਲਾ ਦੀ ਰਿਪੋਰਟ ਵਿੱਚ ਇਸ ਸਬੰਧੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਪਰੋਕਤ ਦੋਵੇਂ ਦੋਸ਼ਾਂ ਸਬੰਧੀ ਉਕਤ ਸਰਪੰਚ ਨੂੰ 21 ਸਤੰਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਪਰ ਸਰਪੰਚ ਇਸ ਮੌਕੇ ਹਾਜ਼ਰ ਨਹੀਂ ਹੋਈ ਜਿਸ ਕਰਕੇ ਸਰਪੰਚ ਮਹਿੰਦਰ ਕੌਰ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ। ਵਿਭਾਗ ਦੇ ਡਾਇਰੈਕਟਰ ਵਲੋਂ ਪੱਤਰ ਵਿੱਚ ਹਦਾਇਤ ਕੀਤੀ ਗਈ ਹੈ ਕਿ ਇਸ ਮੁਅੱਤਲੀ ਦੌਰਾਨ ਸਰਪੰਚ ਨੂੰ ਪੰਚਾਇਤ ਦੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ, ਮੁਅੱਤਲੀ ਦੌਰਾਨ ਪੰਚਾਇਤ ਦਾ ਰਿਕਾਰਡ, ਫ਼ੰਡ ਅਤੇ ਹੋਰ ਜਾਇਦਾਦ ਦਾ ਚਾਰਜ ਕਿਸੇ ਹੋਰ ਪੰਚਾਇਤੀ ਨੁਮਾਇੰਦੇ ਨੂੰ ਸੌਂਪਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਬਿਨਾਂ ਬੀਡੀਪੀਓ ਸ਼ਹਿਣਾ ਨੂੰ ਆਦੇਸ਼ ਕੀਤੇ ਗਏ ਹਨ ਕਿ ਉਕਤ ਸਰਪੰਚ ਦੇ ਨਾਮ ’ਤੇ ਜੋ ਪੰਚਾਇਤ ਦੇ ਬੈਂਕ ਖਾਤੇ ਚੱਲ ਰਹੇ ਹਨ, ਉਨ੍ਹਾਂ ਨੂੰ ਸੀਲ ਕਰਕੇ ਉਸ ਪਾਸੋਂ ਚਾਰਜ ਲੈ ਕੇ ਰਿਪੋਰਟ ਵਿਭਾਗ ਨੂੰ ਭੇਜਣ।