ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਅਪਰੈਲ
ਦਸਵੀਂ ਜਮਾਤ ਦਾ ਫ਼ਰਜ਼ੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਪ੍ਰਾਪਤ ਕਰਨ ’ਤੇ ਥਾਣਾ ਕਬਰਵਾਲਾ ਵਿਚ ਮਹਿਲਾ ਅਧਿਆਪਕ ਖ਼ਿਲਾਫ਼ ਧੋਖਾਧੜੀ ਸਣੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਇਸ ਸਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਸੁਖਵਿੰਦਰ ਕੌਰ ਨੇ 10ਵੀਂ ਜਮਾਤ ਦਾ ਸਰਟੀਫਿਕੇਟ ਫ਼ਰਜ਼ੀ ਬਣਾ ਕੇ ਬਤੌਰ ਸਰਕਾਰੀ ਟੀਚਰ ਨੌਕਰੀ ਪ੍ਰਾਪਤ ਕੀਤੀ ਹੈ। ਜਦੋਂ ਸਿੱਖਿਆ ਵਿਭਾਗ ਨੇ ਆਪਣੀ ਪੜਤਾਲ ’ਚ ਅਧਿਆਪਕ ਦੇ ਸਰਟੀਫਿਕੇਟ ਨੂੰ ਜਾਅਲੀ ਪਾਇਆ ਤਾਂ ਤੁਰੰਤ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ। ਪੁਲੀਸ ਵੱਲੋਂ ਜਾਂਚ ਪੜਤਾਲ ਉਪਰੰਤ ਸੁਖਵਿੰਦਰ ਕੌਰ ਖ਼ਿਲਾਫ਼ ਥਾਣਾ ਕਬਰਵਾਲਾ ਵਿਚ ਕੇਸ ਦਰਜ ਕੀਤਾ ਗਿਆ। ਗ੍ਰਿਫ਼ਤਾਰੀ ਅਜੇ ਬਾਕੀ ਹੈ।