ਨਿੱਜੀ ਪੱਤਰ ਪ੍ਰੇਰਕ
ਮੋਗਾ, 13 ਜਨਵਰੀ
ਥਾਣਾ ਸਮਾਲਸਰ ਪੁਲੀਸ ਨੇ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਆਈਲੈਟਸ ਸੈਂਟਰ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਕਾਰਜਕਾਰੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਸਮਾਲਸਰ ਦੀ ਸ਼ਿਕਾਇਤ ਉੱਤੇ ਇਹ ਕਾਰਵਾਈ ਕੀਤੀ ਗਈ ਹੈ। ਤਹਿਸੀਲਦਾਰ ਬਾਘਾਪੁਰਾਣਾ ਕਮ ਕਾਰਜਕਾਰੀ ਮੈਜਿਸਟਰੇਟ ਪਵਨ ਗੁਲਾਟੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਨਾਇਬ ਤਹਿਸੀਲਦਾਰ ਸਮਾਲਸਰ ਵੱਲੋਂ ਪਿੰਡ ਲੰਡੇ ਵਿਖੇ ਵਿਕਟੋਰੀਅਸ ਨਾਮ ਦੇ ਆਈਲੈਟਸ ਸੈਂਟਰ ਉੱਪਰ ਛਾਪਾ ਮਾਰਿਆ ਗਿਆ ਸੀ। ਮੌਕੇ ’ਤੇ ਪਾਇਆ ਕਿ ਉੱਥੇ ਕਰੋਨਾ ਦੀਆਂ ਹਦਾਇਤਾਂ ਦੀ ਸ਼ਰ੍ਹੇਆਮ ਉਲੰਘਣਾ ਹੋ ਰਹੀ ਹੈ। ਸੈਂਟਰ ਵਿੱਚ ਬੱਚੇ ਅਤੇ ਅਧਿਆਪਕ ਬਿਨ੍ਹਾਂ ਮਾਸਕ ਤੋਂ ਪਾਏ ਗਏ। ਇਸ ਸੈਂਟਰ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸ੍ਰੀ ਪਵਨ ਗੁਲਾਟੀ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰੋਨਾ ਵਾਈਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪਾਬੰਦੀਆਂ ਨੂੰ ਅਣਗੌਲਿਆਂ ਨਾ ਕਰਨ ਕਿਉਂਕਿ ਅਜਿਹਾ ਕਰਨ ਨਾਲ ਉਹ ਆਪਣੇ ਨਾਲ ਨਾਲ ਦੂਸਰਿਆਂ ਦੀ ਵੀ ਜਾਨ ਜੋਖਮ ਵਿੱਚ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਛਾਪੇ ਜਾਰੀ ਰਹਿਣਗੇ ਅਤੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਨਾ ਵਾਲੇ ਲੋਕਾਂ ਜਾਂ ਅਦਾਰਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।