ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ
ਹਲਕਾ ਮੁਕਤਸਰ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਬਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਦਰਜ ਮੁਕਦਮੇ ਨੂੰ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਦੱਸਿਆ ਹੈ। ਇਸ ਮੌਕੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ, ਸਰੂਪ ਸਿੰਘ ਨੰਦਗੜ੍ਹ, ਬਸੰਤ ਸਿੰਘ ਕੰਗ, ਹੀਰਾ ਸਿੰਘ ਚੜ੍ਹੇਵਾਨ ਆਦਿ ਆਗੂ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਉਪਰ ਨਸ਼ੇ ਤੇ ਰੇਤ ਮਾਫੀਆਂ ਦੇ ਦਰਜ ਮੁਕੱਦਮੇ ਤੋਂ ਇਨਕਾਰ ਕਰਦਿਆਂ, ਇਸ ਸਬੰਧ ’ਚ ਲੱਗੀਆਂ ਕਥਿਤ ਤੌਰ ’ਤੇ ਝੂਠੀਆਂ ਖ਼ਬਰਾਂ ਨੂੰ ਅਦਾਲਤ ’ਚ ਚੈਲੰਜ ਦੇਣ ਦੀ ਗੱਲ ਵੀ ਕੀਤੀ। ਸ੍ਰੀ ਬਰਕੰਦੀ ਨੇ ਕਿਹਾ ਕਿ ਇਸ ਰਿਪੋਰਟ ਨੂੰ ਡੀਜੀਪੀ ਤੇ ਸੈਕਟਰੀ ਹੋਮ ਪੰਜਾਬ ਨੇ ਪਹਿਲਾਂ ਹੀ ਰੱਦ ਕੀਤਾ ਹੋਇਆ ਹੈ।
ਇਸ ਤੋਂ ਬਿਨਾਂ ਤਿੰਨ ਹਾਈ ਕੋਰਟ ਜੱਜਾਂ ਵੱਲੋਂ ਕਰਵਾਈ ਪੜਤਾਲ ਨੂੰ ਵੀ ਪਾਸੇ ਕਰਕੇ ਧੱਕੇ ਨਾਲ ਸ੍ਰੀ ਮਜੀਠੀਆ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਵਾਸਤੇ ਤਿੰਨ-ਤਿੰਨ ਡੀਜੀਪੀ ਵੀ ਬਦਲੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਕਥਿਤ ਤੌਰ ’ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇਸ਼ਾਰੇ ’ਤੇ ਕੀਤੀ ਗਈ ਹੈ।