ਨਿਜੀ ਪੱਤਰ ਪ੍ਰੇਰਕ
ਮੋਗਾ, 9 ਮਈ
ਇਥੇ ਥਾਣਾ ਮਹਿਣਾ ਪੁਲੀਸ ਨੇ ਜੇਲ੍ਹਾਂ ’ਚ ਬੰਦ ਗੈਂਂਗਸਟਰਾਂ ਨੂੰ ਮੋਬਾਈਲ ਸਿਮ ਮੁਹੱਈਆ ਕਰਵਾਉਣ ਵਾਲੇ ਇੱਕ ਨਸ਼ਾ ਤਸਕਰ ਖ਼ਿਲਾਫ਼ ਧੋਖਾਧੜੀ ਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਕਿੱਕਰ ਸਿੰਘ ਭੁੱਲਰ ਨੇ ਕਿਹਾ ਕਿ ਗਸ਼ਤ ਵੇਲੇ ਇਤਲਾਹ ਮਿਲੀ ਸੀ ਕਿ ਸ਼ਹਿਰ ਦੇ ਪਰਵਾਨਾ ਨਗਰ ਵਾਸੀ ਜਗਦੇਵ ਸਿੰਘ ਉਰਫ਼ ਜੱਗਾ ਨਸ਼ਿਆਂ ਦੀ ਤਸਕਰੀ ਕਰਦਾ ਹੈ ਤੇ ਉਸ ਖ਼ਿਲਾਫ਼ ਪਹਿਲਾਂ ਵੀ ਕਾਫ਼ੀ ਕੇਸ ਦਰਜ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਤੋਂ ਸਨਾਖ਼ਤੀ ਪਰੂਫ਼ ਹਾਸਲ ਕਰਕੇ ਉਨ੍ਹਾਂ ਪਰੂਫ਼ਾਂ ’ਤੇ ਮੋਬਾਈਲ ਸਿਮ ਹਾਸਲ ਕਰਕੇ ਵੱਖ ਵੱਖ ਜੇਲ੍ਹਾਂ ’ਚ ਬੰਦ ਗੈਂਗਸਟਰਾਂ, ਤਸਕਰਾਂ ਨੂੰ ਮੁਹੱਈਆ ਕਰਵਾਉਣਾ ਤੇ ਉਨ੍ਹਾਂ ਦੇ ਕਹਿਣ ’ਤੇ ਗੈਂਗ ਦੇ ਵਿਅਕਤੀਆਂ ਨੂੰ ਅਸਲਾ ਤੇ ਨਸ਼ੇ ਵੀ ਸਪਲਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਧੋਖਾਧੜੀ ਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਸੂਬੇ ਦੀਆਂ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਆਦਿ ਬਰਾਮਦ ਹੋ ਰਹੇ ਹਨ ਉਥੇ ਪੁਲੀਸ ਨਾਲੋਂ ਅਪਰਾਧੀ ਜ਼ਿਆਦਾ ਹਾਈਟੈੱਕ ਹੋ ਗਏ ਹਨ। ਉਹ ਅਜੋਕੀ ਜ਼ਿੰਦਗੀ ਦੇ ਵਰਤਾਰੇ ’ਚ ਸੋਸ਼ਲ ਮੀਡੀਆ ਤੇ ਮੋਬਾਈਲ ਇੱਕ ਅਜਿਹਾ ਸਥਾਨ ਹਾਸਲ ਕਰ ਚੁੱਕੇ ਹਨ ਜਿਸ ਤੋਂ ਬਿਨਾਂ ਜ਼ਿੰਦਗੀ ਬੇਰਸ ਤੇ ਰੁੱਖੀ ਹੋ ਜਾਂਦੀ ਹੈ। ਲਿਹਾਜ਼ਾ, ਕਿਸੇ ਜੁਰਮ ਜਾਂ ਗੈਰ-ਕਾਨੂੰਨੀ ਗਤੀਵਿਧੀ ’ਚ ਸ਼ਾਮਲ ਹੋ ਕੇ ਜਿਹੜੇ ਨੌਜਵਾਨ ਜੇਲ੍ਹਾਂ ’ਚ ਪਹੁੰਚ ਜਾਂਦੇ ਹਨ, ਉਨ੍ਹਾਂ ਨੂੰ ਮੋਬਾਈਲ ਦੀ ਕਮੀ ਮਹਿਸੂਸ ਹੁੰਦੀ ਹੈ।