ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 21 ਦਸੰਬਰ
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਘਟਨਾ 17 ਦਸੰਬਰ ਦੀ ਹੈ। ਬੀਡੀਪੀਓ ਨੇ ਪੁਲੀਸ ਨੂੰ ਭੇਜੀ ਸ਼ਿਕਾਇਤ ’ਚ ਦੱਸਿਆ ਕਿ ਘਟਨਾ ਵਾਲੇ ਦਿਨ ਰਾਜਬੀਰ ਕੌਰ ਪੁੱਤਰੀ ਮਹਿਲ ਸਿੰਘ ਵਾਸੀ ਅਗਵਾੜ ਬੁੱਢੇ ਕਾ ਉਸਦੇ ਦਫ਼ਤਰ ਆਈ ਤੇ ਉਸਨੂੰ ਗਾਲ੍ਹਾਂ ਕੱਢਣ ਲੱਗੀ। ਸੇਵਾਦਾਰ ਰਾਜੇਸ਼ ਕੁਮਾਰ ਨੇ ਜਦੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਮੰਦੀ ਸ਼ਬਦਾਵਲੀ ਵਰਤੀ ਗਈ। ਬੀਡੀਪੀਓ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਪੰਚਾਇਤ ਸਕੱਤਰ ਰਮਿੰਦਰ ਸਿੰਘ ਨੇ ਜਦੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਔਰਤ ਨੇ ਉਸਨੂੰ ਵੀ ਗਾਲ੍ਹਾਂ ਕੱਢੀਆਂ। ਇਸ ਦੌਰਾਨ ਇਹ ਔਰਤ ਪ੍ਰਚਾਰ ਸਕੱਤਰ ਰਮਿੰਦਰ ਸਿੰਘ ਦਾ ਮੋਬਾਈਲ ਫ਼ੋਨ ਉਸਦੀ ਜੈਕਟ ਦੀ ਜੇਬ ਵਿਚੋਂ ਕੱਢ ਕੇ ਭੱਜ ਗਈ ਜੋ ਫ਼ੋਨ ਅਜੇ ਤੱਕ ਬੰਦ ਆ ਰਿਹਾ ਹੈ। ਪੁਲੀਸ ਨੇ ਬੀਡੀਪੀਓ ਦੀ ਸ਼ਿਕਾਇਤ ’ਤੇ ਇਸ ਔਰਤ ਖ਼ਿਲਾਫ਼ ਧਾਰਾ 186,353 ਤੇ 379 ਅਧੀਨ ਕੇਸ ਦਰਜ ਕਰ ਲਿਆ ਹੈ।
ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ
ਮਮਦੋਟ (ਪੱਤਰ ਪ੍ਰੇਰਕ) ਪੁਲੀਸ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਬੋਦਲ ਵਿੱਚ ਬੀਤੇ ਦਿਨ ਰਸਤੇ ਵਿੱਚ ਖੜ੍ਹੀ ਟਰੈਕਟਰ ਟਰਾਲੀ ਨੂੰ ਪਾਸੇ ਕਰਨ ਨੂੰ ਲੈ ਕੇ ਚੱਲੀ ਗੋਲੀ ਦੌਰਾਨ ਇਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ।ਇਸ ਸਬੰਧੀ ਥਾਣਾ ਮਮਦੋਟ ਵਿੱਚ ਰੁਬਇੰਦਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਬੋਦਲ ਦੇ ਬਿਆਨਾਂ ਤੇ ਕਮਲਜੀਤ ਸਿੰਘ ਉਰਫ ਰਮਨ, ਰਾਜਿੰਦਰ ਹਾਂਡਾ ਉਰਫ ਪੰਮਾ ਪੁੱਤਰਾਨ ਸਵਰਣਜੀਤ ਸਿੰਘ, ਸਵਰਨਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬੋਦਲ ਖ਼ਿਲਾਫ਼ ਥਾਣਾ ਮਮਦੋਟ ’ਚ ਧਾਰਾ 302/307/34 ਆਈਪੀਸੀ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।