ਪੱਤਰ ਪ੍ਰੇਰਕ
ਮਾਨਸਾ/ਬੁਢਲਾਡਾ, 6 ਅਕਤੂਬਰ
ਮਾਨਸਾ ਜ਼ਿਲ੍ਹੇ ਦੀ ਬੁਢਲਾਡਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈਕੇ ਦੋ ਧਿਰਾਂ ਵਿਚਾਲੇ ਗੋਲੀ ਚੱਲਣ ਤੋਂ ਬਾਅਦ ਭਾਵੇਂ ਪਹਿਲਾਂ ਪੁਲੀਸ ਨੇ ਮੁੱਦਈ ਰਾਮਇੰਦਰ ਸਿੰਘ ਵਾਸੀ ਬੁਢਲਾਡਾ ਦੇ ਬਿਆਨਾਂ ’ਤੇ ਜਗਤਾਰ ਸਿੰਘ ਗੁਰਨੇ ਕਲਾਂ ਸਮੇਤ 20 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਸੀ, ਪਰ ਹੁਣ ਦੂਜੀ ਧਿਰ ਦੇ ਜਗਤਾਰ ਸਿੰਘ ਗੁਰਨੇ ਦੇ ਬਿਆਨਾਂ ’ਤੇ ਰਾਮਇੰਦਰ ਸਿੰਘ ਧੜੇ ਦੇ 26 ਜਣਿਆਂ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਹੁਣ ਟਰੱਕ ਯੂਨੀਅਨ ਦੀ ਇਹ ਲੜਾਈ ਰਾਜਨੀਤਕ ਰੂਪ ਧਾਰ ਗਈ ਹੈ।
ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਵਿੱਚ ਪ੍ਰਧਾਨਗੀ ਦੀ ਇਹ ਲੜਾਈ ਦੋ ਦਿਨ ਪਹਿਲਾਂ ਹੋਈ ਸੀ, ਜਿਸ ਵਿੱਚ ਜਗਤਾਰ ਸਿੰਘ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਬੁਢਲਾਡਾ ਤੋਂ ਮਾਨਸਾ ਅਤੇ ਬਾਅਦ ਵਿੱਚ ਪਟਿਆਲਾ ਰੈਫ਼ਰ ਕੀਤਾ ਗਿਆ ਸੀ। ਉਸ ਦੇ ਬਿਆਨ ਲੇਟ ਦਰਜ ਹੋਣ ਤੋਂ ਬਾਅਦ ਹੁਣ ਪੁਲੀਸ ਨੇ ਦੂਜੀ ਧਿਰ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ।
ਥਾਣਾ ਸ਼ਹਿਰੀ ਬੁਢਲਾਡਾ ਦੇ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਗੋਲੀ ਚੱਲਣ ਦੇ ਮਾਮਲੇ ਵਿੱਚ ਜਗਤਾਰ ਸਿੰਘ ਦੇ ਬਿਆਨਾਂ ’ਤੇ ਪ੍ਰਧਾਨ ਰਾਮਇੰਦਰ ਸਿੰਘ ਅਤੇ ਉਸਦੇ ਸਾਥੀਆਂ ਸਮੇਤ 26 ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਮਇੰਦਰ ਸਿੰਘ ਸਮੇਤ 14 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਦੋਂ ਕਿ 12 ਅਣਪਛਾਤੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਦੋਨੋਂ ਧਿਰਾਂ ਦੇ ਵਿਅਕਤੀਆਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਢਲਾਡਾ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਦਾਅਵਾ ਕੀਤਾ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਉਨ੍ਹਾਂ ਦੀ ਪਾਰਟੀ ਨਾਲ ਸਬੰਧਤ ਹੋਣ ਕਾਰਨ ਆਮ ਆਦਮੀ ਪਾਰਟੀ ਨੂੰ ਚੁੰਭ ਰਿਹਾ ਸੀ। ਇਸ ਕਾਰਨ ਯੂਨੀਅਨ ਦਾ ਪ੍ਰਧਾਨ ਨਿਯੁਕਤ ਕਰ ਕੇ ਟਕਰਾਓ ਦੀ ਸਥਿਤੀ ਪੈਦਾ ਕੀਤੀ ਗਈ ਹੈ, ਜਿਸ ਨੂੰ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ।