ਪੱਤਰ ਪ੍ਰੇਰਕ
ਮਾਨਸਾ, 17 ਅਗਸਤ
ਮਾਲਵਾ ਖੇਤਰ ’ਚ ਹਜ਼ਾਰਾਂ ਕਿਸਾਨ-ਮਜ਼ਦੂਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਖੀਮਪੁਰ ਖੀਰੀ ਵਿੱਚ ਤਿੰਨ ਰੋਜ਼ਾ ਪੱਕੇ ਮੋਰਚੇ ਲਈ ਰੇਲ ਗੱਡੀਆਂ ਰਾਹੀਂ ਅਤੇ ਆਪੋ-ਆਪਣੇ ਸਾਧਨਾਂ ਸਮੇਤ ਸ਼ਾਮਲ ਹੋਣ ਲਈ ਦਿਨ ਚੜ੍ਹਦੇ ਹੀ ਰਵਾਨਾ ਹੋ ਗਏ ਹਨ। ਜਾਣਕਾਰੀ ਮੁਤਾਬਿਕ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਇੱਕ ਵੱਡਾ ਕਾਫ਼ਲਾ ਲੈ ਕੇ ਅੱਜ ਇਥੋਂ ਰਵਾਨਾ ਹੋਏ ਹਨ। ਉਨ੍ਹਾਂ ਦੱਸਿਆ ਕਿ ਭਲਕੇ 18 ਤੋਂ 20 ਅਗਸਤ ਤੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੱਕਾ ਮੋਰਚਾ ਆਰੰਭ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੋਰਚੇ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਦਿੱਲੀ ਕਿਸਾਨ ਅੰਦੋਲਨ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਮੋਦੀ ਸਰਕਾਰ ਵੱਲੋਂ ਲਾਗੂ ਕਰਨ ਤੋਂ ਕੀਤੀ ਜਾ ਰਹੀ ਆਨਾ-ਕਾਨੀ ਨੂੰ ਮੁੱਖ ਰੂਪ ਵਿੱਚ ਉਭਾਰਕੇ ਨਵੇਂ ਸਿਰੇ ਤੋਂ ਦੇਸ਼ ਵਿਆਪੀ ਅੰਦੋਲਨ ਆਰੰਭ ਕੀਤਾ ਜਾਵੇਗਾ।
ਬਰਨਾਲਾ (ਖੇਤਰੀ ਪ੍ਰਤੀਨਿਧ): ਭਾਕਿਯੂ (ਏਕਤਾ) ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਆਪਣਾ ਕਾਫ਼ਲਾ ਗੱਡੀਆਂ ਤੇ ਬੱਸਾਂ ਰਾਹੀਂ ਟੌਲ ਪਲਾਜ਼ਾ ਬਡਬਰ ’ਤੇ ਇਕੱਤਰਤਾ ਉਪਰੰਤ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਕਾਫ਼ਲਾ ਦਰਸ਼ਨ ਸਿੰਘ ਉੱਗੋਕੇ, ਬਾਬੂ ਸਿੰਘ ਖੁੱਡੀਕਲਾਂ, ਕੁਲਵੰਤ ਸਿੰਘ ਭਦੌੜ, ਅਮਰਜੀਤ ਸਿੰਘ ਮਹਿਲਖੁਰਦ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਤੋਂ ਲਖੀਮਪੁਰ ਖੀਰੀ ਵੱਲ ਰਵਾਨਾ ਹੋਇਆ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਬਲਾਕ ਨਥਾਣਾ (ਬਠਿੰਡਾ) ਦੇ ਕਿਸਾਨਾਂ ਅਤੇ ਬੀਬੀਆਂ ਦਾ ਇੱਕ ਵੱਡਾ ਜੱਥਾ ਲਖੀਮਪੁਰ ਖੀਰੀ ਲਈ ਭੁੱਚੋ ਕੈਂਚੀਆਂ ਤੋਂ ਰਵਾਨਾ ਹੋਇਆ।
ਚਾਉਕੇ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ ਦੀ ਅਗਵਾਈ ਵਿੱਚ ਕਿਸਾਨਾਂ ਦਾ ਕਾਫ਼ਲਾ ਯੂਪੀ ਵੱਲ ਰਵਾਨਾ ਹੋਇਆ।