ਪਵਨ ਗੋਇਲ
ਭੁੱਚੋ ਮੰਡੀ, 12 ਸਤੰਬਰ
ਭੁੱਚੋ ਕੈਂਚੀਆਂ ਸੜਕ ’ਤੇ ਬੀਤੀ ਰਾਤ ਇੱਕ ਕਾਰ ਟਰਾਂਸਫਾਰਮਰ ਨਾਲ ਟਕਰਾ ਗਈ। ਇਸ ਨਾਲ ਦੋਵੇਂ ਖੰਭੇ ਟੁੱਟ ਕੇ ਟਰਾਂਸਫਾਰਮਰ ਸਮੇਤ ਕਾਰ ਉੱਪਰ ਡਿੱਗ ਪਏ। ਇਸ ਹਾਦਸੇ ਵਿੱਚ ਕਾਰ ਚਾਲਕ ਨੌਜਵਾਨ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਨੇੜਲੇ ਆਦੇਸ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖ਼ਮੀ ਨੌਜਵਾਨ ਦੇ ਮਾਮਾ ਵਿਰਸਾ ਸਿੰਘ ਨੇ ਦੱਸਿਆ ਕਿ ਉਸ ਦਾ ਭਾਣਜਾ ਜੀਵਨ ਸਿੰਘ ਵਾਸੀ ਮਾਨਸਾ ਖੁਰਦ ਆਪਣੀ ਅਲਟੋ ਕਾਰ ਨੰਬਰ ਡੀਐਲ-5ਸੀਡੀ 2799 ’ਤੇ ਰਾਤ ਕਰੀਬ ਦਸ ਵਜੇ ਭੁੱਚੋ ਕੈਂਚੀਆਂ ਤੋਂ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਸੜਕ ’ਤੇ ਆਪਸ ਵਿੱਚ ਭਿੜ ਰਹੇ ਦੋ ਢੱਠਿਆਂ ਕਾਰਨ ਉਹ ਟਰਾਂਸਫਾਰਮਰ ਦੇ ਖੰਭਿਆਂ ਨਾਲ ਟਕਰਾ ਕੇ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ਵਿੱਚ ਕਈ ਟਾਂਕੇ ਲੱਗੇ ਹਨ। ਸਬ-ਡਿਵੀਜ਼ਨ ਭੁੱਚੋ ਕਲਾਂ ਦੇ ਐੱਸਡੀਓ ਹੇਮੰਤ ਕੁਮਾਰ ਨੇ ਕਿਹਾ ਕਿ ਟਰਾਂਸਫਾਰਮਰ ਡੈਮੇਜ ਹੋਣ ਤੋਂ ਬਚ ਗਿਆ ਹੈ। ਕਰੀਬ 70 ਹਜ਼ਾਰ ਦੇ ਨੁਕਸਾਨ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਅੱਜ ਐਤਵਾਰ ਹੋਣ ਕਾਰਨ ਪੁਲੀਸ ਨੂੰ ਜ਼ੁਬਾਨੀ ਸੂਚਨਾ ਦੇ ਦਿੱਤੀ ਹੈ ਜਦੋਂਕਿ ਬਠਿੰਡਾ ਛਾਉਣੀ ਦੀ ਪੁਲੀਸ ਹਾਦਸੇ ਦੇ 18 ਘੰਟਿਆਂ ਬਾਅਦ ਵੀ ਉਨ੍ਹਾਂ ਕੋਲ ਕੋਈ ਸੂਚਨਾ ਨਾ ਮਿਲਣ ਦੀ ਗੱਲ ਕਹਿ ਰਹੀ ਸੀ।