ਜਸਵੰਤ ਜੱਸ
ਫ਼ਰੀਦਕੋਟ, 12 ਮਾਰਚ
ਵਿਧਾਨ ਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੇ ਪਿੰਡਾਂ ਅਤੇ ਮੁਹੱਲਿਆਂ ਵਿੱਚੋਂ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਆਪਣੇ ਰਿਹਾਇਸ਼ੀ ਇਲਾਕੇ ਮਾਈ ਗੋਦੜੀ ਸਾਹਿਬ ਕਲੋਨੀ ਵਿੱਚੋਂ 300 ਤੋਂ ਵੱਧ ਵੋਟਾਂ ਨਾਲ ਹਾਰੇ ਹਨ। ਭਾਜਪਾ ਉਮੀਦਵਾਰ ਗੌਰਵ ਕੱਕੜ ਨੂੰ ਆਪਣੇ ਜੱਦੀ ਪਿੰਡ ਘੁਗਿਆਣਾ ਵਿੱਚੋਂ ਸਿਰਫ਼ 54 ਵੋਟਾਂ ਪਈਆਂ ਹਨ।
ਜਾਣਕਾਰੀ ਮੁਤਾਬਕ ਹਲਕਾ ਕੋਟਕਪੂਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਵੀ ਆਪਣੇ ਪਿੰਡ ਵਿੱਚੋਂ ਜਿੱਤ ਨਹੀਂ ਸਕੇ। ਰਾਖਵੇਂ ਹਲਕੇ ਜੈਤੋ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਢਿੱਲਵਾਂ ਵੀ ਆਪਣੇ ਪਿੰਡ ਵਿੱਚੋਂ ਚੋਣ ਹਾਰ ਗਏ ਹਨ। ਕੋਟਕਪੂਰਾ ਤੋਂ ਭਾਜਪਾ ਦੇ ਉਮੀਦਵਾਰ ਦੁਰਗੇਸ਼ ਸ਼ਰਮਾ ਖੁਦ ਨੂੰ ਵੋਟ ਹੀ ਨਹੀਂ ਪਾ ਸਕੇ। ਫ਼ਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਆਪਣੇ ਵਾਰਡ ਵਿੱਚੋਂ ਵੀ ਨਹੀਂ ਜਿੱਤੇ।
ਜੈਤੋ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਸੂਬਾ ਸਿੰਘ ਬਾਦਲ ਵੀ ਖੁਦ ਨੂੰ ਵੋਟ ਨਹੀਂ ਪਾ ਸਕੇ ਕਿਉਂਕਿ ਉਨ੍ਹਾਂ ਦੀ ਵੋਟ ਵਿਧਾਨ ਸਭਾ ਹਲਕਾ ਫ਼ਰੀਦਕੋਟ ਵਿੱਚ ਸੀ। ਫ਼ਰੀਦਕੋਟ ਦੇ ਹਰਿੰਦਰਾ ਨਗਰ ਵਿੱਚ ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਪਰਿਵਾਰ ਰਹਿੰਦਾ ਹੈ ਅਤੇ ਅਕਾਲੀ ਆਗੂ ਜੋਗਿੰਦਰ ਸਿੰਘ ਪੰਜਗਰਾਈਂ ਵੀ ਇਸੇ ਹੀ ਨਗਰ ਵਿੱਚ ਰਹਿੰਦੇ ਹਨ, ਜਿੱਥੋਂ ਅਕਾਲੀ ਦਲ ਨੂੰ ਰਿਕਾਰਡਤੋੜ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਉਪੇਂਦਰ ਕੁਮਾਰ ਸ਼ਰਮਾ ਇੱਥੋਂ ਦੀ ਗੁਰੂ ਨਾਨਕ ਕਲੋਨੀ ਦੇ ਵਸਨੀਕ ਹਨ ਜਿੱਥੇ ਉਨ੍ਹਾਂ ਦੀ ਪਾਰਟੀ ਦਾ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ। ਸ਼੍ਰੋਮਣੀ ਅਕਾਲੀ ਦਲ ਮਾਨ ਦੇ ਉਮੀਦਵਾਰ ਗੁਰਸੇਵਕ ਸਿੰਘ ਭਾਣਾ ਆਪਣੇ ਪਿੰਡ ਵਿੱਚੋਂ ਚੋਣ ਹਾਰ ਗਏ ਹਨ। ਇਸੇ ਤਰ੍ਹਾਂ ਸੰਯੁਕਤ ਸਮਾਜ ਮੋਰਚੇ ਦੀ ਉਮੀਦਵਾਰ ਰਵਿੰਦਰ ਕੌਰ ਨੂੰ ਕਿਸੇ ਵੀ ਬੂਥ ਤੋਂ ਜਿੱਤ ਨਸੀਬ ਨਹੀਂ ਹੋਈ। ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਸੰਘਾ ਵੀ ਆਪਣੇ ਪਿੰਡ ਵਿੱਚੋਂ ਚੋਣ ਹਾਰ ਗਏ ਹਨ ਅਤੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ। ਇਸ ਤਰ੍ਹਾਂ ਸੀਪੀਆਈ (ਐੱਮ ਐੱਲ) ਦੇ ਉਮੀਦਵਾਰ ਸਤਨਾਮ ਸਿੰਘ ਪੱਖੀ ਕਲਾਂ ਵੀ ਆਪਣੇ ਪਿੰਡ ਵਿੱਚੋਂ ਹਾਰੇ ਹਨ ਅਤੇ ਉਨ੍ਹਾਂ ਦੀ ਜਮਾਨਤ ਜ਼ਬਤ ਹੋ ਗਈ ਹੈ। ਆਜ਼ਾਦ ਉਮੀਦਵਾਰ ਵੀ ਆਪਣੇ ਮੁਹੱਲੇ ਅਤੇ ਕਲੋਨੀਆਂ ਵਿੱਚੋਂ ਵੋਟਰਾਂ ਦਾ ਵਿਸ਼ਵਾਸ ਜਿੱਤਣ ਵਿੱਚ ਅਸਫ਼ਲ ਰਹੇ ਹਨ।