ਜੋਗਿੰਦਰ ਸਿੰਘ ਮਾਨ
ਮਾਨਸਾ, 20 ਫਰਵਰੀ
ਆਦਰਸ਼ ਚੋਣ ਜ਼ਾਬਤੇ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨ ਦਾ ਦਾਅਵੇਦਾਰ ਚੋਣ ਕਮਿਸ਼ਨ ਤੇ ਉਸ ਵੱਲੋਂ ਨਿਯੁਕਤ ਕੀਤੇ ਚੋਣ ਆਬਜ਼ਰਵਰ ਐਨ ਚੋਣਾਂ ਵਾਲੇ ਦਿਨ ਪੂਰੀ ਤਰ੍ਹਾਂ ਅਪੰਗ ਸਾਬਤ ਹੋਏ, ਜਦੋਂਕਿ ਜ਼ਾਬਤੇ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ਹਿਰ ਦੀਆਂ ਗਰੀਬ ਬਸਤੀਆਂ ’ਚ ਵੱਖ-ਵੱਖ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਰਿੰਦੇ ਨਗਦ ਪੈਸੇ ਬਦਲੇ ਵੋਟਾਂ ਖਰੀਦ ਦੇ ਰਹੇ ਤੇ ਉਨ੍ਹਾਂ ਨੇ ਵਾਹਨ ਪੋਲਿੰਗ ਬੂਥਾਂ ਤੱਕ ਵੋਟਰਾਂ ਨੰ ਢੋਹਦੇ ਰਹੇ। ਪੱਤਰਕਾਰਾਂ ਦੀਆਂ ਟੋਲੀਆਂ ਸਣੇ ਆਮ ਲੋਕਾਂ ਨੇ ਅੱਜ ਸਵੇਰ ਹੀ ਵਿਧਾਨ ਸਭਾ ਚੋਣਾਂ ਲਈ ਰਾਜਨੀਤਕ ਪਾਰਟੀਆਂ ਵੱਲੋਂ ਵੋਟਾਂ ਦੀ ਖਰੀਦੋ-ਫਰੋਖਤ ਨੂੰ ਧੜੱਲੇ ਨਾਲ ਹੁੰਦਾ ਕਈ ਥਾਵਾਂ ’ਤੇ ਵੇਖਿਆ ਗਿਆ। ਸ਼ਹਿਰ ਦੇ ਅਨੇਕਾਂ ਹਿੱਸਿਆਂ ’ਚ ਇਹ ਵੋਟਾਂ 500 ਰੁਪਏ ਤੋਂ 3000 ਰੁਪਏ ਪ੍ਰਤੀ ਵੋਟ ਤੱਕ ਵਿਕਣ ਦੀ ਜਾਣਕਾਰੀ ਹਾਸਲ ਹੋਈ ਹੈ, ਪਰ ਚੋਣ ਪ੍ਰਕਿਰਿਆ ਦੌਰਾਨ ਕਿਸੇ ਪਾਸੋਂ ਵੋਟਾਂ ਖਰੀਦ ਰਹੇ ਕਿਸੇ ਇੱਕ ਵੀ ਰਾਜਸੀ ਆਗੂ ਨੂੰ ਫੜ੍ਹਨ ਦੀ ਖ਼ਬਰ ਨਹੀਂ ਮਿਲੀ। ਜਦੋਂਕਿ ਵੱਖ-ਵੱਖ ਪੋਲਿੰਗ ਬੂਥਾਂ ਦੇ ਘੇੇਰੇ ਵਿੱਚ ਇਹ ਕੰਮ ਲੁਕਵੇਂ ਰੂਪ ’ਚ ਹੁੰਦਾ ਵਿਖਾਈ ਦਿੰਦਾ ਰਿਹਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਤੇ ਬੁਢਲਾਡਾ ਤੋਂ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਤੇ ਸਰਦੂਲਗੜ੍ਹ ਤੋਂ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਕਹਿਣਾ ਹੈ ਕਿ ਅੰਤਿਮ ਦਿਨ ਸੱਤਾਧਾਰੀ ਪਾਰਟੀਆਂ ਦੇ ਪੱਖ ’ਚ ਝੁਕਦੇ ਹੋਏ ਅਧਿਕਾਰੀਆਂ ਨੇ ਸਖ਼ਤ ਸਟੈਂਡ ਨਹੀਂ ਲਿਆ ਤੇ ਵੋਟਾਂ ਦੀ ਖਰੀਦੋ-ਫਰੋਖ਼ਤ ਹੁੰਦੀ ਰਹੀ। ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਭੱਠਾ ਬਸਤੀ, ਜੀਵਨ ਨਗਰ, ਖੋਖਰ ਰੋਡ, ਬਾਬਾ ਭਾਈ ਗੁਰਦਾਸ ਏਰੀਏ ਤੇ ਬਾਗ ਵਾਲਾ ਗੁਰਦੁਆਰਾ ਸਣੇ ਕਈ ਹੋਰ ਬਾਹਰਲੀਆਂ ਬਸਤੀਆਂ ’ਚ ਦਲਾਲਾਂ ਰਾਹੀਂ ਖੁੱਲੇਆਮ ਵੋਟਾਂ ਖਰੀਦੀਆਂ ਜਾਂਦੀਆਂ ਰਹੀਆਂ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਛੋਟਾ ਸਿੰਘ ਮੀਆਂ ਦਾ ਕਹਿਣਾ ਹੈ ਕਿ ਵੋਟਾਂ ਵਾਲੇ ਦਿਨ ਇੰਝ ਅਧਿਕਾਰੀਆਂ ਦੀ ਸੁਸਤੀ ਕਾਰਨ ਦਬਾਅ ਤੋਂ ਮੁਕਤ ਚੋਣਾਂ ਕਰਵਾਉਣ ਦੇ ਦਾਅਵੇ, ਪੈਸੇ ਤੇ ਸੱਤਾ ਦੀ ਗਰਮੀ ਅੱਗੇ ਭਾਫ਼ ਬਣਕੇ ਉਡ ਗਏ। ਉਧਰ, ਜ਼ਿਲ੍ਹਾ ਚੋਣ ਅਫਸਰ ਮਹਿੰਦਰ ਪਾਲ ਤੇ ਐੱਸਐੱਸਪੀ ਦੀਪਕ ਪਾਰੀਕ ਨੇ ਖਰੀਦੋ-ਫਰੋਖਤ ਸਬੰਧੀ ਕਿਹਾ ਕਿ ਉਹ ਸ਼ਹਿਰ ’ਚ ਸੁਰੱਖਿਆ ਦਸਤੇ ਸਾਰਾ ਦਿਨ ਗਸ਼ਤ ਕਰਦੇ ਰਹੇ ਹਨ, ਪਰ ਉਨ੍ਹਾਂ ਨੂੰ ਕਿਧਰੇ ਵੀ ਅਜਿਹੀਆਂ ਖਰੀਦਦਾਰੀਆਂ ਹੁੰਦੀਆਂ ਨਜ਼ਰ ਨਹੀਂ ਆਈਆਂ ਤੇ ਨਾ ਹੀ ਕਿਸੇ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕਾਂ ਨੇ ਵੋਟਾਂ ਮੁੱਲ ਲੈਣ ਜਿਹੇ ਮਾਮਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦੇ ਹਨ।