ਜਸਵੰਤ ਜੱਸ
ਫਰੀਦਕੋਟ, 1 ਮਾਰਚ
ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਪੈਣ ਦਾ ਕੰਮ ਭਾਵੇਂ 20 ਫਰਵਰੀ ਨੂੰ ਮੁਕੰਮਲ ਹੋ ਗਿਆ ਹੈ, ਪਰੰਤੂ ਉਮੀਦਵਾਰਾਂ ਨੂੰ ਅਜੇ ਪੋਸਟ ਬੈਲਟ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਾ ਪੈ ਰਿਹਾ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਜੈਤੋ, ਕੋਟਕਪੂਰਾ ਅਤੇ ਫ਼ਰੀਦਕੋਟ ਵਿੱਚ 9 ਹਜ਼ਾਰ ਦੇ ਕਰੀਬ ਪੋਸਟ ਬੈਲਟ ਵੋਟਰ ਹਨ। ਚੋਣਾਂ ਦੌਰਾਨ ਡਿਊਟੀ ਦੇਣ ਵਾਲੇ ਵੋਟਰਾਂ ਨੂੰ ਪੋਸਟ ਬੈਲਟ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਇਹ ਵੋਟਾਂ 9 ਮਾਰਚ ਤੱਕ ਇੱਥੋਂ ਦੇ ਬ੍ਰਜਿੰਦਰਾ ਕਾਲਜ ਵਿੱਚ ਬਣੇ ਬੂਥ ਉੱਪਰ ਪੋਲ ਹੋ ਸਕਦੀਆਂ ਹਨ। ਸੂਚਨਾ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਪ੍ਰਮੁੱਖ ਪਾਰਟੀਆਂ ਉਮੀਦਵਾਰਾਂ ਦਰਮਿਆਨ ਫਸਵੀਂ ਟੱਕਰ ਹੈ ਅਤੇ ਜਿੱਤ ਹਾਰ ਦਾ ਫੈਸਲਾ ਬਹੁਤ ਥੋੜ੍ਹੀਆਂ ਵੋਟਾਂ ਨਾਲ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਉਮੀਦਵਾਰ ਇੱਕ-ਇੱਕ ਵੋਟ ਲਈ ਵੋਟਰਾਂ ਦੇ ਹਾੜ੍ਹੇ ਕੱਢ ਰਹੇ ਹਨ। 9 ਹਜ਼ਾਰ ਵਿੱਚੋਂ ਅਜੇ 2300 ਵੋਟ ਪੋਲ ਹੋਣੀ ਬਕਾਇਆ ਹੈ ਅਤੇ ਇਹ ਵੋਟ ਉਮੀਦਵਾਰਾਂ ਦੀ ਜਿੱਤ ਹਾਰ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਬੈਲਟ ਵੋਟਰਾਂ ਤੋਂ ਵੋਟ ਮੰਗੀ ਹੈ ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹ ਪੋਸਟ ਬੈਲਟ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ। ਅਕਾਲੀ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੁਝ ਦਿਨਾਂ ਤੋਂ ਵਿਧਾਨ ਸਭਾ ਹਲਕੇ ਵਿੱਚ ਨਹੀਂ ਹਨ ਪਰੰਤੂ ਉਹ ਪੋਸਟ ਬੈਲਟ ਵੋਟ ਲੈਣ ਲਈ ਸਰਗਰਮ ਹਨ। 10 ਮਾਰਚ ਨੂੰ ਸਭ ਤੋਂ ਪਹਿਲਾਂ ਪੋਸਟ ਬੈਲਟ ਵਾਲੀਆਂ ਵੋਟਾਂ ਦੀ ਹੀ ਗਿਣਤੀ ਹੋਣੀ ਹੈ।