ਪੱਤਰ ਪ੍ਰੇਰਕ
ਮਾਨਸਾ, 22 ਫਰਵਰੀ
ਭਾਵੇਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ’ਚ ਅਜੇ ਦੋ ਹਫ਼ਤਿਆਂ ਦਾ ਸਮਾਂ ਪਿਆ ਹੈ, ਪਰ ਵਿਧਾਇਕ ਬਣਨ ਦੇ ਸੁਪਨੇ ਲੈਣ ਵਾਲੇ ਰਾਜਸੀ ਨੇਤਾ ਹੁਣ ਵਜ਼ੀਰੀਆਂ ਹਾਸਲ ਕਰਨ ਲਈ ਤਾਣਾ-ਪੇਟਾ ਬੁਣਨ ’ਚ ਰੁੱਝ ਗਏ ਹਨ। ਇਸ ਮਾਮਲੇ ਵਿਚ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹੀ ਹੱਥ-ਪੈਰ ਨਹੀਂ ਮਾਰ ਰਹੇ, ਸਗੋਂ ਰਾਜ ਦੀ ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਵੀ ਜੁਗਾੜ ਕਾਇਮ ਕਰਨ ਲਈ ਭੱਜ-ਨੱਠ ਕਰਨ ਲੱਗੇ ਹਨ, ਜਦੋਂ ਕਿ ਦੋਨਾਂ ਧਿਰਾਂ ਨੂੰ ਫਿਕਰਾਂ ਵਿਚ ਪਾਉਣ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਅਜਿਹੇ ‘ਪਾਣੀ ਦੇ ਪਾਪੜਾਂ’ ਵਾਲੇ ਸੁਪਨੇ ਸੰਜੋਈ ਬੈਠੇ ਹਨ। ਕਾਂਗਰਸ ਤੇ ਅਕਾਲੀ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੇ ਪਾਰਟੀ ਦੇ ਮੁੱਖ ਆਗੂਆਂ ਕੋਲ ਆਪਣੀ ਜਿੱਤ ਦੇ ਦਾਅਵੇ ਕਰਨ ਲੱਗੇ ਹਨ। ਕਈ ਉਮੀਦਵਾਰਾਂ ਨੇ ਵੋਟਾਂ ਦੀ ਗਿਣਤੀ ਅਜੇ ਦੂਰ ਪਈ ਹੋਣ ਦਾ ਲਾਹਾ ਲੈ ਕੇ ਵੋਟਰਾਂ ਦਾ ਧੰਨਵਾਦੀ ਕਾਰਜ ਨਬਿੇੜਨ ਦੀਆਂ ਵੀ ਵਿਉਂਤਾਂ ਵਿਉਂਤ ਲਈਆਂ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਵਿਜੈ ਸਿੰਗਲਾ ਨੇ ਆਪਣਾ ਧੰਨਵਾਦੀ ਦੌਰਾ ਸ਼ੁਰੂ ਕਰ ਲਿਆ ਹੈ। ਇਸ ਹਲਕੇ ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਨੇ ਵੀ ਆਪਣਾ ਧੰਨਵਾਦੀ ਦੌਰਾ ਬੜੀ ਛੇਤੀ ਫ਼ਤਿਹ ਕਰਨ ਦਾ ਫੈਸਲਾ ਲਿਆ ਹੈ, ਜਦੋਂ ਕਿ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਵੱਲੋਂ ਲੋਕਾਂ ਨਾਲ ਤਾਲਮੇਲ ਕਰ ਕੇ ਉਨ੍ਹਾਂ ਨੂੰ ਸ਼ੁਕਰੀਆ ਅਦਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਦਾ ਪੁੱਤਰ ਦਿਲਰਾਜ ਸਿੰਘ ਭੂੰਦੜ ਅਤੇ ਕਾਂਗਰਸ ਪਾਰਟੀ ਵੱਲੋਂ ਬਿਕਰਮ ਸਿੰਘ ਮੋਫਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ। ਇਨ੍ਹਾਂ ਦੋਨੇ ਨੇਤਾਵਾਂ ਦੇ ਵੱਖ-ਵੱਖ ਚੋਣ ਜਲਸਿਆਂ ਵਿਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਵੱਖ-ਵੱਖ ਰੂਪ ’ਚ ਵਜ਼ੀਰ ਬਣਾਉਣ ਦਾ ਵਾਅਦਾ ਕਰਕੇ ਗਏ ਸਨ। ਫਿਲਹਾਲ ਦੋਨੇਂ ਪਾਰਟੀਆਂ ਦੇ ਹੇਠਲੇ ਵਰਕਰ ਆਪਣੇ ਨੇਤਾਵਾਂ ਨੂੰ ਵਜ਼ੀਰਾਂ ਦੇ ਰੂਪ ਵਿਚ ਵੇਖਣ ਲੱਗੇ ਹਨ।
ਉਧਰ, ਦਿਲਚਸਪ ਗੱਲ ਇਹ ਵੀ ਹੈ ਕਿ ਮਾਨਸਾ ਜ਼ਿਲ੍ਹੇ ਦੇ ਨਤੀਜੇ ਹਮੇਸ਼ਾ ਹੀ ਸੱਤਾ ਵਿਰੋਧੀ ਆਉਂਦੇ ਹਨ। ਇਥੇ ਜਦੋਂ ਕਾਂਗਰਸ ਦੀ ਹਕੂਮਤ ਬਣਦੀ ਹੈ ਤਾਂ ਕਈ ਹਲਕਿਆਂ ਤੋਂ ਅਕਾਲੀ ਜਿੱਤ ਜਾਂਦੇ ਹਨ ਅਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਜ਼ਾਰਤ ਬਣਦੀ ਹੈ ਤਾਂ ਇਥੇ ਕਾਂਗਰਸੀ ਜਿੱਤ ਨੂੰ ਜੱਫਾ ਮਾਰ ਜਾਂਦੇ ਹਨ, ਪਰ ਇਸ ਵਾਰ ਵੇਖੋ ਸਿਆਸੀ ਪੈਂਤੜਾ ਕਿਸ ਪਾਸੇ ਮੋੜ ਲੈਂਦਾ ਹੈ।
ਇਸ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਡਾ.ਨਿਸ਼ਾਨ ਸਿੰਘ, ਕਾਂਗਰਸ ਦੇ ਡਾ. ਰਣਬੀਰ ਕੌਰ ਮੀਆਂ ਅਤੇ ‘ਆਪ’ ਦੇ ਉਮੀਦਵਾਰ ਪਿ੍ੰਸੀਪਲ ਬੁੱਧ ਰਾਮ ਨੇ ਆਪਣੇ ਧੰਨਵਾਦੀ ਦੌਰੇ ਆਰੰਭ ਦਿੱਤੇ ਹਨ।
‘ਆਪ’ ਨੇ ਸਟਰਾਂਗ ਰੂਮਾਂ ਅੱਗੇ ਪਹਿਰੇਦਾਰੀ ਆਰੰਭੀ
ਪੰਜਾਬ ਵਿੱਚ ਵੋਟਾਂ ਖ਼ਤਮ ਹੋਣ ਤੋਂ ਬਾਅਦ ਸਟਰਾਂਗ ਰੂਮ ਦੀ ਸੁਰੱਖਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਅਜੀਤਪਾਲ ਕੋਹਲੀ ਵੱਲੋਂ ਸ਼ੋਸਲ ਮੀਡੀਆ ’ਤੇ ਪੂਰੀ ਤਰ੍ਹਾਂ ਸੁਰੱਖਿਆ ਪ੍ਰਬੰਧ ਅਤੇ ਲਾਈਟਾਂ ਦਾ ਬੰਦੋਬਸ਼ਤ ਨਾ ਹੋਣ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੱਲੋਂ ਮਾਲਵਾ ਖੇਤਰ ਵਿੱਚ ਸਟਰਾਂਗ ਰੂਮਾਂ ਸਾਹਮਣੇ ਦਿਨ-ਰਾਤ ਦੀ ਪਹਿਰੇਦਾਰੀ ਆਰੰਭ ਦਿੱਤੀ ਗਈ ਹੈ। ਪਾਰਟੀ ਵੱਲੋਂ ਮਾਨਸਾ ਦੇ ਸਰਕਾਰੀ ਨਹਿਰੂ ਕਾਲਜ ਵਿੱਚ ਜਿੱਥੇ ਮਾਨਸਾ ਤੋਂ ਇਲਾਵਾ ਬੁਢਲਾਡਾ ਅਤੇ ਸਰਦੂਲਗੜ੍ਹ ਦੀਆਂ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ, ਉਥੇ ਅੱਜ ਉਮੀਦਵਾਰਾਂ ਵੱਲੋਂ ਰਿਟਰਨਿੰਗ ਅਫ਼ਸਰਾਂ ਦੀ ਮੌਜੂਦਗੀ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕੀਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਈ.ਵੀ.ਐਮਜ਼ (ਵੋਟਿੰਗ ਮਸ਼ੀਨਾਂ) ਲਈ ਚੋਣ ਕਮਿਸ਼ਨ ਦੁਆਰਾ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਉਪਰ ਅਸੰਤੁਸ਼ਟੀ ਜ਼ਾਹਿਰ ਕਰਨ ਤੋਂ ਬਾਅਦ ਮਾਲਵਾ ਖੇਤਰ ਦੇ ਜ਼ਿਲ੍ਹਾ ਚੋਣ ਅਫਸਰ ਅਤੇ ਸੀਨੀਅਰ ਪੁਲੀਸ ਕਪਤਾਨ ਹਰਕਤ ਵਿਚ ਆ ਗਏ ਹਨ। ਇਨ੍ਹਾਂ ਅੱਜ ਮੁੜ ਸਟਰਾਂਗ ਰੂਮਾਂ ਦੇ ਸੁਰੱਖਿਆ ਪ੍ਰਬੰਧ ਦੇਖ ਤੇ ਸੰਤੁਸ਼ਟੀ ਪ੍ਰਗਟਾਈ।