ਮੋਗਾ (੍੍ਮਹਿੰਦਰ ਸਿੰਘ ਰੱਤੀਆਂ): ਇੱਥੇ ਐੱਨਆਰਆਈ ਪੁਲੀਸ ਨੇ ਕੈਨੇਡਾ ਗਈ ਵਿਆਹੁਤਾ ਮੁਟਿਆਰ ਅਤੇ ਉਸ ਦੇ ਪਿਤਾ ਖ਼ਿਲਾਫ਼ ਵਿਆਹ ਦੇ ਨਾਮ ਉੱਤੇ 24 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕੀਤਾ ਹੈ। ਜੋੜੇ ਦੇ ਵਿਆਹ ਦੀਆਂ ਰਸਮਾਂ ਧਾਰਮਿਕ ਸਥਾਨਾਂ ਉੱਤੇ ਕੀਤੀਆਂ ਗਈਆਂ ਸਨ। ਐੱਫਆਈਆਰ ਮੁਤਾਬਕ ਰਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਜਲਾਲਾਬਾਦ ਈਸਟ ਨੇ ਸ਼ਿਕਾਇਤ ’ਚ ਕਿਹਾ ਕਿ ਉਸ ਨੇ 12ਵੀਂ ਬਾਅਦ ਕੰਪਿਊਟਰ ਕੋਰਸ ਕੀਤਾ ਸੀ। ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦਾ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਜਨੇਰ ਦੀ ਮੁਟਿਆਰ ਜਿਸਦੇ ਆਈਲਟਸ ਵਿੱਚ 6 ਬੈਂਡ ਸਨ, ਨਾਲ ਸੌਦਾ ਤੈਅ ਹੋ ਗਿਆ ਕਿ ਮੁਟਿਆਰ ਦਾ ਵਿਦੇਸ਼ ’ਚ ਪੜ੍ਹਾਈ ਦਾ ਸਾਰਾ ਖਰਚਾ ਉਹ ਕਰੇਗਾ। ਉਸ ਨੇ ਕਿਸ਼ਤਾਂ ਰਾਹੀਂ 24 ਲੱਖ ਰੁਪਏ ਬੈਂਕ ਰਾਹੀਂ ਉਸ ਦੇ ਖਾਤੇ ਵਿੱਚ ਤਬਦੀਲ ਕਰ ਦਿੱਤੇ। ਜੋੜੇ ਦੇ ਦਾ ਸ਼ਗਨ ਧਾਰਮਿਕ ਸਥਾਨ ਬਾਬਾ ਦਾਮੂੰ ਸ਼ਾਹ ਮਜ਼ਾਰ ਪਿੰਡ ਲੁਹਾਰਾ ਵਿਖੇ 22 ਅਪਰੈਲ 2018 ਨੂੰ ਹੋਇਆ ਅਤੇ 5 ਮਈ 2018 ਨੂੰ ਵਿਆਹ ਸ਼ੁੱਭ ਮਿਲਨ ਪੈਲੇਸ, ਕੋਟ ਈਸੇ ਖਾਂ ਵਿੱਚ ਹੋਇਆ ਅਤੇ ਆਨੰਦ ਕਾਰਜ ਦੀ ਰਸਮ ਡੇਰਾ ਬਾਬਾ ਹਮੀਰ ਸਿੰਘ (ਜਨੇਰ ਟਕਸਾਲ) ਵਿੱਚ ਹੋਏ ਸਨ। ਮਗਰੋਂ ਉਸ ਦੀ ਪਤਨੀ ਵਿਦੇਸ਼ ਚਲੀ ਗਈ। ਸ਼ਿਕਾਇਤ ਮੁਤਾਬਕ ਵਿਆਹੁਤਾ ਨੇ ਕੈਨੇਡਾ ’ਚ ਪੜ੍ਹਾਈ ਦੌਰਾਨ ਆਪਣੇ ਪਤੀ ਰਾਜਿੰਦਰ ਸਿੰਘ ਨਾਲ ਰਾਬਤਾ ਕਾਇਮ ਰੱਖਿਆ ਅਤੇ ਸਿੱਖਿਆ ਖਰਚ ਮੰਗਵਾਉਂਦੀ ਰਹੀ। ਕੋਰਸ ਪੂਰਾ ਹੋਣ ਤੋਂ ਬਾਅਦ ਉਸਨੂੰ ਵਰਕ ਪਰਮਿਟ ਮਿਲ ਗਿਆ ਅਤੇ ਉਸ ਨੇ ਪਤੀ ਦੇ ਮੋਬਾਈਲ ਫੋਨ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ।