ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਦਸੰਬਰ
ਇਥੇ ਨੌਜਵਾਨ ਵਰਗ ਵੱਲੋਂ ਇਹ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੌਮੀ ਮਾਰਗਾਂ ਉੱਤੇ ਬੈਨਰ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ। ਇਥੇ ਆਈਟੀਆਈ ’ਚ ਵਿਦਿਆਰਥੀਆਂ ਨੇ ਮੋਦੀ ਦੀ ‘ਮਨ ਕੀ ਬਾਤ’ ਖ਼ਿਲਾਫ਼ 27 ਦਸੰਬਰ ਨੂੰ ਪਿੰਡ-ਪਿੰਡ ਥਾਲੀਆਂ ਖੜਕਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਿੰਘੂ ਬਾਰਡਰ ਤੋਂ ਪਰਤੇ ਨੌਜਵਾਨ ਸੁਖਜਿੰਦਰ ਮਹੇਸਰੀ ਦੀੀ ਅਗਵਾਈ ਹੇਠ ਰਮਨ ਗਿੱਲ, ਗੁਰਤੇਜ਼ ਚੜਿੱਕ, ਸੁੱਖਾ ਪੇਂਟਰ, ਕਰਮਵੀਰ ਕੌਰ ਬੱਧਨੀ, ਹਰਪ੍ਰੀਤ ਬਾਵਾ ਆਦਿ ਨੇ ਕੌਮੀ ਮਾਰਾਂ ਅਤੇ ਵੱਡੇ ਪੁਲਾਂ ਉੱਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ “ਪੂਰੇ ਦੇਸ਼ ਵਿੱਚ ਸਭ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਉੱਤੇ ਖ਼ਰੀਦ ਦੀ ਗਰੰਟੀ ਕੀਤੀ ਜਾਵੇ।’’, “ਸਾਡੀ ਧਰਤੀ ਸਭ ਲਈ ਅੰਨ ਉਗਾਉਣ ਵਾਸਤੇ ਹੈ, ਅੰਬਾਨੀਆਂ – ਅਡਾਨੀਆਂ ਦੇ ਮੁਨਾਫ਼ਿਆਂ ਵਾਸਤੇ ਨਹੀਂ।’’, “ਕਾਲੇ ਕਾਨੂੰਨ ਰੱਦ ਕਰੋ।’’, “ਐਗਰੀਕਲਚਰ ਇਜ਼ ਅਵਰ ਕਲਚਰ’’ ਆਦਿ ਬੈਨਰ ਮੁਹੱਲੇ-ਪਿੰਡ ਵਿੱਚ ਲਗਾਉਣ ਦਾ ਸੱਦਾ ਦਿੱਤਾ। ਇਥੇ ਸਰਕਾਰੀ ਆਈਟੀਆਈ ਵਿੱਚ ਪ੍ਰਿੰਸੀਪਲ ਜਗਤਾਰ ਸਿੰਘ ਦੋਧਰ (ਆਈਟੀਆਈ ਲੜਕੀਆਂ), ਅਤੇ ਪ੍ਰਿੰਸੀਪਲ ਨਿਰਮਲ ਸਿੰਘ (ਆਈਟੀਆਈ ਲੜਕੇ), ਪੀਐੱਸਯੂ ਆਗੂ ਮੋਹਨ ਸਿੰਘ ਔਲਖ, ਨੌਜਵਾਨ ਭਾਰਤ ਸਭਾ ਦੇ ਆਗੂ ਨਵਪ੍ਰੀਤ ਕੌਰ ਤੇ ਅਮਨਦੀਪ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 27 ਦਸੰਬਰ ਨੂੰ ਮੋਦੀ ਦੀ ‘ਮਨ ਕੀ ਬਾਤ’ ਖ਼ਿਲਾਫ਼ ਪਿੰਡ-ਪਿੰਡ ਥਾਲੀਆਂ ਖੜਕਾਈਆਂ ਜਾਣਗੀਆਂ।