ਧਨੌਲਾ: ਪਿੰਡ ਦਾਨਗੜ੍ਹ ਵਿੱਚ ਭਾਰਤੀ ਫੌਜ ਦੇ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਦੇ ਸ਼ਹੀਦੀ ਦਿਵਸ ਸਬੰਧੀ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਪ੍ਰਬੰਧਕੀ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਹੱਡੀਆਂ ਦੇ ਚੈੱਕਅਪ ਕੈਂਪ ਵਿੱਚ ਸਾਬਕਾ ਵਾਈਸ ਚਾਂਸਲਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਡਾ. ਸ਼ਿਵੰਦਰ ਸਿੰਘ ਨੇ 100 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਪਿੰਡ ਦੇ 12ਵੀਂ ਤੱਕ ਦੇ ਮੱਲਾਂ ਮਾਰਨ ਵਾਲੇ 50 ਤੋਂ ਵਧੇਰੇ ਹੋਣਹਾਰ ਵਿਦਿਆਰਥੀਆਂ ਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ‘ਆਪ’ ਸਰਕਾਰ ਦਾ ਕੋਈ ਨੁਮਾਇੰਦਾ ਨਾ ਪਹੁੰਚਣ ’ਤੇ ਪਰਿਵਾਰ ਨੇ ਰੋਸ ਜਤਾਉਂਦਿਆਂ ਕਿਹਾ ਕਿ ਸ਼ਹੀਦਾਂ ਲਈ ਕਰਵਾਏ ਜਾਂਦੇ ਸਮਾਗਮਾਂ ਮੌਕੇ ਸਰਕਾਰ ਦੇ ਨੁੰਮਾਇਦਿਆਂ ਨੂੰ ਬਤੌਰ ਸਨਮਾਨ ਜ਼ਰੂਰ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ਕੈਪਟਨ ਗੁਰਦਰਸ਼ਨ ਸਿੰਘ ਧਾਲੀਵਾਲ, ਇੰਜ. ਗੁਰਜਿੰਦਰ ਸਿੰਘ,ਡਾ. ਤੇਜਾ ਸਿੰਘ ਤਿਲਕ, ਜੱਥੇਦਾਰ ਭਰਪੂਰ ਸਿੰਘ ਧਨੌਲਾ ਅਤੇ ਦਰਸ਼ਨ ਸਿੰਘ ਮੰਡੇਰ ਹਾਜ਼ਰ ਸਨ। -ਪੱਤਰ ਪ੍ਰੇਰਕ