ਜਸਵੰਤ ਜੱਸ
ਫ਼ਰੀਦਕੋਟ, 6 ਨਵੰਬਰ
ਜ਼ਿਲ੍ਹਾ ਪੁਲੀਸ ਵੱਲੋਂ ਸ਼ਹਿਰ ਵਿੱਚ ਅਪਰਾਧਕ ਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਵਾਸੀਆਂ ਦੇ ਆਰਥਿਕ ਸਹਿਯੋਗ ਨਾਲ ਲਗਵਾਏ ਸੀਸੀਟੀਵੀ ਕੈਮਰੇ ਅਚਾਨਕ ਗਾਇਬ ਹੋ ਗਏ ਹਨ। ਸੂਚਨਾ ਅਨੁਸਾਰ 2015 ਵਿੱਚ ਜ਼ਿਲ੍ਹਾ ਪੁਲੀਸ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਤੋਂ ਪੈਸੇ ਇਕੱਠੇ ਕਰਕੇ 25 ਲੱਖ ਰੁਪਏ ਦੀ ਕੀਮਤ ਨਾਲ ਸ਼ਹਿਰ ਦੇ ਮੁੱਖ ਚੌਕਾਂ ਅਤੇ ਐਂਟਰੀ ਗੇਟਾਂ ਉੱਪਰ ਆਧੁਨਿਕ ਤਕਨੀਕ ਵਾਲੇ ਸੀਸੀਟੀਵੀ ਕੈਮਰੇ ਲਾਏ ਸਨ ਪਰ ਹੁਣ ਇਹ ਕੈਮਰੇ ਆਪਣੀ ਥਾਂ ਉੱਪਰ ਮੌਜੂਦ ਨਹੀਂ ਹਨ। ਪੰਜਾਬ ਵਿੱਚ ਹੁੰਦੇ ਵੀ.ਵੀ.ਆਈ.ਪੀ ਸਮਾਗਮਾਂ ਵਿੱਚ ਇਹ ਕੈਮਰੇ ਕੁਝ ਸਮੇਂ ਲਈ ਵੰਗਾਰ ’ਤੇ ਵੀ ਜਾਂਦੇ ਰਹੇ ਹਨ ਪਰ ਪਿਛਲੇ ਇੱਕ ਸਾਲ ਤੋਂ ਸ਼ਹਿਰ ਦੇ ਮੁੱਖ ਐਂਟਰੀ ਗੇਟਾਂ ਉਪਰ ਲੱਗੇ ਇਹ ਕੈਮਰੇ ਉਥੇ ਮੌਜੂਦ ਨਹੀਂ ਹਨ। ਪੁਲੀਸ ਹੁਣ ਅਪਰਾਧਿਕ ਘਟਨਾਵਾਂ ਨਾਲ ਨਜਿੱਠਣ ਲਈ ਆਪਣੇ ਸੀ.ਸੀ.ਟੀ.ਵੀ ਕੈਮਰਿਆਂ ਦੀ ਥਾਂ ’ਤੇ ਲੋਕਾਂ ਦੇ ਸੀ.ਸੀ.ਟੀ.ਵੀ ਕੈਮਰਿਆਂ ਦੇ ਆਸਰੇ ਹੀ ਆਪਣਾ ਕੰਮ ਚਲਾ ਰਹੀ ਹੈ। ਫ਼ਰੀਦਕੋਟ ਦੇ ਵਸਨੀਕ ਗੁਰਦਿੱਤ ਸਿੰਘ ਸੇਖੋਂ, ਹੈਪੀ ਬਰਾੜ ਅਤੇ ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਅਪਰਾਧ ਘਟਨਾਵਾਂ ਨੂੰ ਰੋਕਣ ਲਈ ਬਿਲਕੁਲ ਵੀ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੇ ਲਾਏ ਕੈਮਰੇ ਆਪਣੀ ਥਾਂ ਤੋਂ ਗਾਇਬ ਹਨ। ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੌਕਾਂ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਜਲਦ ਹੀ ਸਾਰਾ ਸ਼ਹਿਰ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗਾ।