ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ
‘ਆਪ ਆਦਮੀ ਪਾਰਟੀ ਤੇ ਕਾਂਗਰਸ ਨੇ ਰਲ ਕੇ ਬਿਨਾਂ ਨੋਟਿਸ ਲਾਏ ਪੀਏਡੀਬੀ ਬੈਂਕ ਦੇ ਡਾਇਰੈਕਟਰਾਂ ਦੀ ਚੋਣ ਕੀਤੀ ਹੈ ਜੋ ਨਿਯਮਾਂ ਦੇ ਖ਼ਿਲਾਫ਼ ਹੈ| ਇਸ ਲਈ ਇਹ ਚੋਣ ਰੱਦ ਕਰਕੇ ਨਵੀਂ ਚੋਣ ਕਰਾਈ ਜਾਵੇ।’ ਇਹ ਮੰਗ ਮੁਕਤਸਰ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਇਥੇ ਪੀਏਡੀਬੀ ਦੇ ਮੂਹਰੇ ਲਾਏ ਧਰਨੇ ਦੌਰਾਨ ਕੀਤੀ ਗਈ| ਉਨ੍ਹਾਂ ਕਿਹਾ ਕਿ ‘ਆਪ’ ਦਾਅਵਾ ਤਾਂ ਬਦਲਾਅ ਦਾ ਕਰਦੀ ਹੈ ਪਰ ਅਸਲ ਵਿੱਚ ਉਹ ਹਰ ਤਰ੍ਹਾਂ ਦਾ ਗਲਤ ਹਰਬਾ ਵਰਤ ਕੇ ਲਾਹਾ ਲੈ ਰਹੀ ਹੈ| ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਡਾਇਰੈਕਟਰ ਦੀਆਂ ਚੋਣਾਂ ਲੜਨ ਦੀ ਪੂਰੀ ਤਿਆਰੀ ਕੀਤੀ ਹੋਈ ਸੀ ਤੇ ਵਰਕਰਾਂ ਵਿੱਚ ਉਤਸ਼ਾਹ ਵੀ ਸੀ ਪਰ ਬੈਂਕ ਵੱਲੋਂ ਤਾਂ ਨਾ ਕੋਈ ਸੂਚਨਾ ਜਨਤਕ ਕੀਤੀ ਗਈ ਨਾ ਹੀ ਲਿਸਟ ਲਾਈ| ਇਹ ਚੋਣ ਗਿਣ ਮਿਥ ਕੇ ‘ਆਪ’ ਤੇ ਕਾਂਗਰਸ ਨੇ ਰਲ ਕੇ ਲੜੀ ਹੈ| ਇਸ ਵਿੱਚ ਅੱਧੋ- ਅੱਧ ਡਾਇਰਕੈਟਰ ਬਣਾ ਕੇ ਆਪਣਾ ਕਬਜ਼ਾ ਕੀਤਾ ਗਿਆ ਹੈ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ| ਜਗਜੀਤ ਸਿੰਘ ਹਨੀ ਫੱਤਣਵਾਲਾ, ਪੱਪੀ ਥਾਂਦੇਵਾਲਾ, ਜਗਵੰਤ ਸਿੰਘ ਲੰਬੀ, ਐਡਵੋਕੇਟ ਭੁਪਿੰਦਰ ਸਿੰਘ ਚੜ੍ਹੇਵਾਨ, ਬਿੰਦਰ ਗੋਨੇਆਣਾ, ਗੁੱਲੂ ਬਰੀਵਾਲਾ ਵੀ ਹਾਜ਼ਰ ਸਨ| ਇਸ ਦੌਰਾਨ ਨਵ-ਨਿਯੁਕਤ ਡਾਇਰੈਕਟਰ ਪ੍ਰੀਤਇੰਦਰ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਇਹ ਕਹਿੰਦਿਆਂ ਅਸਤੀਫਾ ਦੇ ਦਿੱਤਾ ਕਿ ਉਸਨੇ ਨਾ ਤਾਂ ਨਾਮਜ਼ਦਗੀ ਵਾਸਤੇ ਅਰਜ਼ੀ ਭਰੀ ਸੀ ਤੇ ਨਾ ਹੀ ਚੋਣ ਵਿੱਚ ਹਿੱਸਾ ਲਿਆ, ਇਸ ਲਈ ਉਹ ਆਪਣੇ ਆਹੁਦੇ ਤੋਂ ਅਸਤੀਫਾ ਦਿੰਦੇ ਹਨ।
ਚੋਣ ਨਿਰਪੱਖ ਤੇ ਸਰਬਸੰਮਤੀ ਨਾਲ ਹੋਈ:‘ਆਪ’
ਇਸ ਦੌਰਾਨ ‘ਆਪ’ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਬੱਬਲੂ ਬਰਾੜ ਨੇ ਦੱਸਿਆ ਕਿ ਇਹ ਚੋਣ ਬਿਲਕੁਲ ਨਿਰਪੱਖ ਅਤੇ ਸਰਬਸੰਮਤੀ ਨਾਲ ਹੋਈ ਹੈ। ਦਸ ਵਿਅਕਤੀਆਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ ਇਕ ਨੇ ਕਾਗਜ਼ ਵਾਪਸ ਲੈ ਲਏ ਜਿਸ ’ਤੇ ਬਾਕੀ ਨੌਂ ਜਣੇ ਸੁਖਪਾਲ ਸਿੰਘ ਸਿੱਧੂ, ਜਸਕਰਨ ਸਿੰਘ, ਬੋਹੜ ਸਿੰਘ, ਮਨਜਿੰਦਰ ਕੌਰ, ਸੁਖਪ੍ਰੀਤ ਸਿੰਘ ਮਰਾੜ੍ਹ, ਬਲਦੇਵ ਕੌਰ, ਗੁਰਾਦਿੱਤਾ ਸਿੰਘ ਸੰਧੂ, ਰਾਜਵਿੰਦਰ ਸਿੰਘ ਗਿੱਲ ਅਤੇ ਪ੍ਰੀਤਇੰਦਰ ਸਿੰਘ ਸਿੱਧੂ ਸਰਬਸੰਮਤੀ ਨਾਲ ਚੁਣੇ ਗਏ ਹਨ| ਅਕਾਲੀ ਦਲ ਹੁਣ ਬੇਵਜ੍ਹਾ ਹੀ ਰੌਲਾ ਪਾ ਰਿਹਾ ਹੈ।
ਆਪ ਦੇ ਛੇ ਡਾਇਰੈਕਟਰ ਬਿਨਾਂ ਮੁਕਾਬਲੇ ਚੁਣੇ
ਮਾਨਸਾ (ਪੱਤਰ ਪ੍ਰੇਰਕ) ਦਿ ਮਾਨਸਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਦੇ ਡਾਇਰੈਕਟਰਾਂ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ 6 ਡਾਇਰੈਕਟਰ ਬਿਨਾਂ ਮੁਕਾਬਲੇ ਚੁਣੇ ਗਏ, ਜਦੋਂਕਿ ਜੋਗਾ ਜ਼ੋਨ ਦੀ ਚੋਣ ਲਈ 9 ਸਤੰਬਰ ਦਾ ਸਮਾਂ ਨਿਸ਼ਚਿਤ ਕੀਤਾ ਗਿਆ। ਸਰਦੂਲਗੜ੍ਹ ਤੇ ਬਰੇਟਾ ਜ਼ੋਨ ਵਿੱਚ ਦਸਤਾਵੇਜ਼ਾਂ ਦੀ ਘਾਟ ਕਾਰਨ ਕੋਈ ਉਮੀਦਵਾਰ ਆਪਣੇ ਕਾਗਜ਼ ਦਾਖ਼ਲ ਨਹੀਂ ਕਰ ਸਕਿਆ। ਇਸ ਚੋਣ ਲਈ ਪਾਰਟੀ ਦੇ ਵਿਧਾਇਕ ਪਿ੍ਰੰਸੀਪਲ ਬੁੱਧਰਾਮ (ਬੁਢਲਾਡਾ) ਤੇ ਗੁਰਪ੍ਰੀਤ ਸਿੰਘ ਬਣਾਂਵਾਲੀ (ਸਰਦੂਲਗੜ੍ਹ) ਨੇ ਦਾਅਵਾ ਕੀਤਾ ਕਿ ਜ਼ੋਨ ਨੰਬਰ-1 (ਭੀਖੀ) ਤੋਂ ਗੁਰਦਿਆਲ ਸਿੰਘ, ਜ਼ੋਨ ਨੰਬਰ-3 (ਮਾਨਸਾ) ਤੋਂ ਸੁਰਜੀਤ ਸਿੰਘ ਮਾਖਾ, ਜ਼ੋਨ ਨੰਬਰ-4 (ਝੁਨੀਰ) ਤੋਂ ਸੁਖਜਿੰਦਰ ਸਿੰਘ ਉਡਤ ਸੈਦੇਵਾਲਾ, ਜ਼ੋਨ ਨੰਬਰ-6 (ਬੋਹਾ) ਤੋਂ ਸੁਖਪਾਲ ਸਿੰਘ ਬੋਹਾ, ਜ਼ੋਨ ਨੰਬਰ-8 (ਇੰਡਸਟਰੀਅਲ ਜ਼ੋਨ ਮਾਨਸਾ) ਤੋਂ ਗੁਰਸੇਵਕ ਸਿੰਘ ਝੁਨੀਰ, ਜ਼ੋਨ ਨੰਬਰ-9 (ਐਲ.ਸੀ ਮਾਨਸਾ) ਤੋਂ ਸੋਹਣਾ ਸਿੰਘ ਕਲੀਪੁਰ ਚੁਣੇ ਗਏ। ਚੋਣ ਦੇ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਜ਼ੋਨ ਨੰਬਰ-2 (ਜੋਗਾ) ਦੀ ਚੋਣ 9 ਸਤੰਬਰ ਨੂੰ ਹੋਵੇਗੀ, ਜਦੋਂ ਕਿ ਸਰਦੂਲਗੜ੍ਹ ਤੇ ਬਰੇਟਾ ਵਿੱਚ ਚੋਣ ਲਈ ਸਹਿਕਾਰੀ ਲਹਿਰ ਦੇ ਨਿਯਮਾਂ ਅਨੁਸਾਰ ਪੂਰੇ ਦਸਤਾਵੇਜ਼ ਨਾ ਹੋਣ ਕਾਰਨ ਕਿਸੇ ਵੱਲੋਂ ਨੌਮੀਨੇਸ਼ਨ ਫਾਈਲ ਨਹੀਂ ਕੀਤੀ ਜਾ ਸਕੀ, ਜਿਸ ਸਬੰਧੀ ਅਗਲੇ ਦਿਨਾਂ ਦੌਰਾਨ ਸਹਿਕਾਰੀ ਰੂਲਾਂ ਮੁਤਾਬਕ ਫੈਸਲਾ ਲਿਆ ਜਾਵੇਗਾ। ਚੋਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਦੋਸ਼ ਲਾਇਆ ਕਿ ਜੋਗਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਆਗੂ ਧੱਕੇ ਨਾਲ ਸਰਬਸੰਮਤੀ ਰਾਹੀਂ ਚੋਣ ਕਰਵਾਉਣਾ ਚਾਹੁੰਦੇ ਸਨ, ਜਿਸ ਲਈ ਜਥੇਬੰਦੀ ਨੇ ਦਾਖ਼ਲ-ਅੰਦਾਜ਼ੀ ਕਰਕੇ ਧਰਨਾ ਲਾਇਆ ਤੇ ਇਸ ਜ਼ੋਨ ਦੀ ਚੋਣ 9 ਸਤੰਬਰ ਨੂੰ ਕਰਵਾਉਣ ਦਾ ਐਲਾਨ ਕਰਵਾਇਆ।