ਖੇਤਰੀ ਪ੍ਰਤੀਨਿਧ
ਬਰਨਾਲਾ, 11 ਅਗਸਤ
ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸਤਿਨਾਮ ਦੀਵਾਨਾ ਨੇ ਇੱਥੇ ਕਿਹਾ ਕਿ 15 ਅਗਸਤ ਨੂੰ ਮਨਾਏ ਜਾ ਰਹੇ ਅਖੌਤੀ ਆਜ਼ਾਦੀ ਜਸ਼ਨਾਂ ਦੇ ਮੁਕਾਬਲੇ ਖ਼ਰੀ ਆਜ਼ਾਦੀ ਤੇ ਜਮਹੂਰੀਅਤ ਸਥਾਪਤੀ ਲਈ ਲੋਕ ਘੋਲਾਂ ਨੂੰ ਤਿੱਖੇ ਕਰਨ ਦਾ ਹੋਕਾ ਦਿੰਦੀ ਮੁਹਿੰਮ ਲੋਕ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ’ਚ ਵਿੱਢੀ ਜਾ ਰਹੀ ਹੈ। ਮੋਰਚਾ ਆਗੂਆਂ ਕਿਹਾ ਕਿ ਸੰਨ 1947 ਵਿੱਚ ਹੋਈ ਸੱਤਾ ਤਬਦੀਲੀ ਰਾਹੀਂ ਅਸਲ ਆਜ਼ਾਦ ਤੇ ਜ਼ਮਹੂਰੀ ਕੌਮੀ ਰਾਜ ਦੀ ਸਥਾਪਨਾ ਨਹੀਂ ਹੋ ਸਕੀ। ਸੋ ਜਦੋਂ ਅਸਲ ਆਜ਼ਾਦੀ ਹੀ ਨਹੀਂ ਤਾਂ ਸਮੁੱਚੇ ਦੇਸ਼ ਅੰਦਰ ਆਜ਼ਾਦੀ ਦੇ ਵਰ੍ਹੇਗੰਢ ਜਸ਼ਨ ਮਹਿਜ਼ ਡਰਾਮਾ ਹੀ ਹੈ। ਆਗੂਆਂ ਕਿਹਾ ਕਿ ਮਿਹਨਤਕਸ਼ ਭਾਰਤੀ ਲੋਕਾਂ ਦੀ ਲੁੱਟ ਕਰਨ ਲਈ ਵਿਦੇਸ਼ੀ ਬਹੁ-ਰਾਸ਼ਟਰੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਅਤੇ ਜਗੀਰਦਾਰਾਂ ਨੂੰ ਸਾਧਨ ਤੇ ਸਰੋਤ ਲੁਟਾਏ ਜਾ ਰਹੇ ਹਨ। ਸੰਘਰਸਸ਼ੀਲ ਲੋਕਾਂ ਦੇ ਹੱਕ ’ਚ ਅਵਾਜ਼ ਬੁਲੰਦ ਕਰਨ ਵਾਲੇ ਲੇਖਕ, ਵਕੀਲਾਂ, ਕਵੀਆਂ ਤੇ ਹੋਰ ਬੁਧੀਜੀਵੀਆਂ ਨੂੰ ਝੂਠੇ ਪੁਲੀਸ ਕੇਸਾਂ ’ਚ ਫਸਾਕੇ ਜੇਲ੍ਹੀ ਡੱਕਿਆ ਜਾ ਰਿਹਾ ਹੈ। ਮੋਰਚਾ ਆਗੂਆਂ ਕਿਹਾ ਕਿ ਖਰੀ ਆਜ਼ਾਦੀ ਅਤੇ ਸੱਚੀ ਜ਼ਮਹੂਰੀਅਤ ਪ੍ਰਾਪਤੀ ਲਈ ਜੰਗ ਤੇਜ ਕਰਨੀ ਸਮੇਂ ਦੀ ਅਣਸਰਦੀ ਲੋੜ ਹੈ। ਮੰਗ ਕੀਤੀ ਕਿ ਸਾਮਰਾਜੀ ਸੰਸਥਾਵਾਂ ਨਾਲ ਕੀਤੀਆਂ ਸੰਧੀਆਂ ਤੇ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ। ਵੱਡੇ ਜਗੀਰਦਾਰ ਦੀਆਂ ਜ਼ਮੀਨਾਂ ਨੂੰ ਜ਼ਬਤ ਕਰਕੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ’ਚ ਵੰਡਿਆ ਜਾਵੇ।